ਮੈਰਿਜ ਪੈਲੇਸਾਂ ਵਿੱਚ ਲਾਇਸੰਸੀ ਅਸਲਾ ਲੈ ਕੇ ਆਉਣ ਤੇ ਮੁਕੰਮਲ ਰੋਕ-ਜ਼ਿਲ੍ਹਾ ਮੈਜਿਸਟ੍ਰੇਟ
ਮਾਨਸਾ, 19 ਅਕਤੂਬਰ :
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਵਿੱਚ ਮੈਰਿਜ ਪੈਲੇਸਾਂ ਵਿੱਚ ਲਾਇਸੰਸੀ ਅਸਲਾ ਲੈ ਕੇ ਆਉਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਹੈ।
ਹੁਕਮ ਵਿੱਚ ਉਨ੍ਹਾਂ ਕਿਹਾ ਕਿ ਵਿਆਹ ਸ਼ਾਦੀਆਂ ਮੌਕੇ ਮੈਰਿਜ ਪੈਲੇਸਾਂ ਵਿੱਚ ਕੁਝ ਲੋਕ ਆਪਣਾ ਲਾਇਸੰਸੀ ਅਸਲਾ ਨਾਲ ਲੈ ਕੇ ਜਾਂਦੇ ਹਨ ਅਤੇ ਸਮਾਗਮਾਂ ਵਿੱਚ ਸ਼ਰਾਬ ਆਦਿ ਪੀ ਕੇ ਲੋਕ ਦੂਸਰੇ ਵਿਅਕਤੀ ਤੋਂ ਹਥਿਆਰ ਖੋਹ ਕੇ ਸਟੇਜ ਉਪਰ ਭੰਗੜਾ ਪਾਉਂਦੇ ਸਮੇਂ ਫਾਇਰ ਕਰਦੇ ਹਨ ਜੋ ਪੈਲੇਸ ਵਿੱਚ ਮੌਜੂਦ ਲੋਕਾਂ ਦੀ ਜਾਨ ਦਾ ਖਤਰਾ ਬਣ ਜਾਂਦੇ ਹਨ, ਅਜਿਹੀਆਂ ਘਟਨਾਵਾਂ ਵਿੱਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਵਰਣਨਯੋਗ ਹੈ ਕਿ ਮੈਰਿਜ ਪੈਲੇਸਾਂ ਵਿੱਚ ਅਸਲਾ ਨਾ ਲੈ ਕੇ ਆਉਣ ਸਬੰਧੀ ਬੋਰਡ ਤਾਂ ਲਿਖੇ ਹੁੰਦੇ ਹਨ ਪਰ ਇਨ੍ਹਾਂ ਬੋਰਡਾਂ ਤੇ ਕਿਸੇ ਵੱਲੋਂ ਕੋਈ ਅਮਲ ਨਹੀਂ ਕੀਤਾ ਜਾਂਦਾ।
ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਕਾਰਨ ਪੈਦਾ ਹੋਈ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਵਿਅਕਤੀ ਮੈਰਿਜ ਪੈਲੇਸਾਂ ਵਿੱਚ ਲਾਇਸੰਸੀ ਹਥਿਆਰ ਲੈ ਕੇ ਨਾ ਆਵੇ, ਤਾਂ ਜੋ ਅੱਗੇ ਤੋਂ ਪੈਲੇਸਾਂ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਹ ਹੁਕਮ 30 ਨਵੰਬਰ 2025 ਤੱਕ ਲਾਗੂ ਰਹੇਗਾ।