58 ਯੋਗਾਂ ਟ੍ਰੇਨਰਾਂ ਵੱਲੋਂ ਜ਼ਿਲ੍ਹੇ ਵਿੱਚ ਰੋਜ਼ਾਨਾ ਲਗਾਈਆਂ ਜਾ ਰਹੀਆਂ ਹਨ 231 ਯੋਗ ਕਲਾਸਾਂ: ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ:
ਲੋਕਾਂ ਨੂੰ ਸਿਹਤਮੰਦ ਰੱਖਣ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਦੇ ਪ੍ਰੋਜੈਕਟ ਅਧੀਨ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਰੋਜ਼ਾਨਾ ਸਵੇਰੇ ਅਤੇ ਸ਼ਾਮ 231 ਕਲਾਸਾਂ ਯੋਗ ਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਤਹਿਤ ਸ਼ਹਿਰਾਂ ਵਿੱਚ 120 ਯੋਗ ਕਲਾਸਾਂ ਅਤੇ ਪਿੰਡਾਂ ਵਿੱਚ 111 ਯੋਗ ਕਲਾਸਾਂ ਲਗਾਈਆਂ ਜਾ ਰਹੀਆ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦਿੱਤੀ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ‘ਸੀ.ਐਮ. ਦੀ ਯੋਗਸ਼ਾਲਾ’ ਅਧੀਨ 10,319 ਮੈਂਬਰਾਂ ਨੇ ਮੁਫ਼ਤ ਯੋਗਾ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਲਈ ‘ਸੀ.ਐਮ. ਦੀ ਯੋਗਸ਼ਾਲਾ’ ਅਧੀਨ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਮੁਫ਼ਤ ਯੋਗਾ ਕਲਾਸਾਂ ਲਈ 58 ਯੋਗ ਟ੍ਰੇਨਰਾਂ ਵੱਲੋਂ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਕਲਾਸਾਂ ਲਗਾ ਕੇ ਬਿਮਾਰੀਆਂ ਤੋਂ ਨਿਜ਼ਾਤ ਦਵਾਈ ਜਾ ਰਹੀ ਹੈ। ਇਸ ਪ੍ਰੋਜੈਕਟ ਅਧੀਨ ਬੱਚੇ, ਬਜ਼ੁਰਗ, ਔਰਤਾਂ, ਪੁਰਸ਼ ਹਰ ਵਰਗ ਦੇ ਲੋਕਾਂ ਨੂੰ ਯੋਗ ਅਭਿਆਸ ਰਾਹੀਂ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਯੋਗ ਕੋਆਰਡੀਨੇਟਰ ਆਜ਼ਾਦ ਸਿੰਘ ਨੇ ਕਿਹਾ ਕਿ ਯੋਗਾ ਸਿੱਖਣ ਦੇ ਚਾਹਵਾਨਾਂ ਲਈ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 76694-00500 ਸਥਾਪਿਤ ਕੀਤੀ ਹੈ, ਜਿਸ ’ਤੇ ਮੁਫਤ ਯੋਗ ਕਲਾਸਾਂ ਆਪਣੇ ਮੁਹੱਲੇ ਵਿੱਚ ਲਗਾਉਣ ਲਈ ਲੋਕ ਮਿਸ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ cmdiyogshala.punjab.gov.in ’ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ’ਤੇ ਮਿਸ ਕਾਲ ਦੇ ਸਕਦੇ ਹਨ।