ਡੀਐਸਪੀ ਮਨਦੀਪ ਕੌਰ ਦੀ ਗੱਡੀ ਹਾਦਸੇ ਦਾ ਸ਼ਿਕਾਰ..
ਨਾਭਾ ਦੇ ਡੀਐੱਸਪੀ ਮਨਦੀਪ ਕੌਰ ਤੇ ਉਨ੍ਹਾਂ ਦੇ ਗੰਨਮੈਨ ਉਸ ਸਮੇਂ ਜ਼ਖ਼ਮੀ ਹੋ ਗਏ, ਜਦੋਂ ਉਨ੍ਹਾਂ ਦੀ ਸਰਕਾਰੀ ਗੱਡੀ ਪਟਿਆਲਾ-ਰਾਜਪੁਰਾ ਹਾਈਵੇਅ 'ਤੇ ਮੋਹਾਲੀ ਏਅਰਪੋਰਟ ਵੱਲ ਜਾਂਦਿਆਂ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡੀਐੱਸਪੀ ਮਨਦੀਪ ਕੌਰ ਇਕ ਅਹਿਮ ਡਿਊਟੀ ਲਈ ਰਵਾਨਾ ਹੋਣ ਵਾਲੇ ਸਨ। ਹਾਦਸੇ ਦੇ ਨਤੀਜੇ ਵਜੋਂ ਡੀਐੱਸਪੀ ਮਨਦੀਪ ਕੌਰ ਦੇ ਹੱਥ 'ਤੇ ਫਰੈਕਚਰ ਹੋ ਗਿਆ ਜਦਕਿ ਉਨ੍ਹਾਂ ਦੇ ਨਾਲ ਮੌਜੂਦ ਗੰਨਮੈਨ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਤੁਰੰਤ ਸੁਰੱਖਿਆ ਟੀਮ ਨੇ ਡੀਐੱਸਪੀ ਤੇ ਗੰਨਮੈਨ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
ਜਾਣਕਾਰੀ ਅਨੁਸਾਰ ਡੀਐੱਸਪੀ ਮਨਦੀਪ ਕੌਰ ਨੂੰ 31 ਅਕਤੂਬਰ ਨੂੰ ਗੁਜਰਾਤ 'ਚ ਹੋਣ ਵਾਲੀ 'ਏਕਤਾ ਦਿਵਸ' ਦੀ ਪਰੇਡ 'ਚ ਸ਼ਾਮਲ ਹੋਣ ਲਈ ਰਵਾਨਾ ਹੋਣਾ ਸੀ। ਇਸ ਹਾਦਸੇ ਕਾਰਨ ਉਨ੍ਹਾਂ ਦੀ ਇਹ ਜ਼ਰੂਰੀ ਯਾਤਰਾ ਮੁਲਤਵੀ ਹੋ ਗਈ ਹੈ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਡੀਐੱਸਪੀ ਮਨਦੀਪ ਕੌਰ ਉਹੀ ਅਧਿਕਾਰੀ ਹਨ, ਜੋ ਕੁਝ ਦਿਨ ਪਹਿਲਾਂ ਕਿਸਾਨਾਂ ਨਾਲ ਹੋਈ ਇੱਕ ਬਹਿਸ ਕਾਰਨ ਸੁਰਖੀਆਂ 'ਚ ਆਏ ਸਨ। ਇਸ ਮਾਮਲੇ 'ਚ ਡੀਐੱਸਪੀ. ਕਿਸਾਨਾਂ 'ਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਅਤੇ ਉਨ੍ਹਾਂ ਦੀ ਵਰਦੀ ਖਿੱਚਣ ਦੇ ਇਲਜ਼ਾਮ ਲਗਾਏ ਸਨ ਜਿਸ ਨੂੰ ਲੈ ਕੇ ਕਾਫੀ ਵਿਵਾਦ ਪੈਦਾ ਹੋਇਆ ਸੀ।