ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ 13 ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ 13 ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ

ਦਿੜ੍ਹਬਾ, 17 ਅਕਤੂਬਰ

ਮਾਰਕਿਟ ਕਮੇਟੀ ਦਫ਼ਤਰ, ਸੂਲਰ ਘਰਾਟ ਵਿਖੇ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਵੱਖ-ਵੱਖ ਪਿੰਡਾਂ ਦੇ ਭਾਰੀ ਬਰਸਾਤ ਜਾਂ ਹੜ੍ਹ ਵਰਗੀ ਸਥਿਤੀ ਕਾਰਨ ਪ੍ਰਭਾਵਿਤ 13 ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੰਨੇ ਸਮੇਂ ਵਿੱਚ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਓਨੇ ਸਮੇਂ ਵਿੱਚ ਮੁਆਵਜ਼ਾ ਦੇਣ ਦੀ ਸ਼ੁਰੂਆਤ ਕਰ ਕੇ ਇਤਿਹਾਸਕ ਮਿਸਾਲ ਕਾਇਮ ਕਰ ਦਿੱਤੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਅਤੇ ਹੁਣ ਉਹਨਾਂ ਦੀ ਜ਼ਿੰਦਗੀ ਮੁੜ ਲੀਹ 'ਤੇ ਲੈ ਕੇ ਆਉਣ ਲਈ ਮੁਆਵਜ਼ਾ ਰਾਸ਼ੀ ਵੰਡੀ ਜਾ ਰਹੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਵੱਖ ਵੱਖ ਸਮੇਂ ਬਹੁਤ ਵੱਡੀਆਂ ਦਿੱਕਤਾਂ ਝੱਲੀਆਂ ਹਨ ਤੇ ਹਰ ਵਾਰ ਪੰਜਾਬ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਉਹਨਾਂ ਮੁਸ਼ਕਲਾਂ ਵਿੱਚੋਂ ਨਿਕਲਦਾ ਰਿਹਾ ਹੈ ਤੇ ਇਸ ਵਾਰ ਵੀ ਪੰਜਾਬ ਬਹੁਤ ਜਲਦ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਸਾਬਤ ਕਦਮੀਂ ਅੱਗੇ ਵਧੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜਾਂ ਦੇ ਮੁਆਵਜ਼ੇ ਸਬੰਧੀ ਸੂਬੇ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ, ਜਿਸ ਵਿੱਚੋਂ ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਨੂੰ 3.50 ਕਰੋੜ ਰੁਪਏ ਵੰਡੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਹੜ੍ਹ ਪੀੜਤਾਂ ਨੂੰ ਵੀ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ ਜਾਣਗੇ।

ਮੀਡੀਆ ਨਾਲ ਗੱਲਬਾਤ ਦੌਰਾਨ ਸ. ਚੀਮਾ ਨੇ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਗਰ ਦੇ ਮਜ਼ਬੂਤ ਕੀਤੇ ਬੰਨ੍ਹਾਂ ਅਤੇ ਕੈਬਨਿਟ ਮੰਤਰੀ ਸ਼੍ਰੀ ਗੋਇਲ ਦੀ ਅਗਵਾਈ ਵਿੱਚ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਵੱਲੋਂ ਦਿਨ ਰਾਤ ਇੱਕ ਕਰ ਕੇ ਕੀਤੇ ਯਤਨਾਂ ਸਦਕਾ ਇਸ ਵਾਰ ਘੱਗਰ ਕਰੀਬ 751 ਫੁੱਟ ਉੱਤੇ ਲਗਾਤਾਰ ਕਈ ਦਿਨ ਰਹਿਣ ਦੇ ਬਾਵਜੂਦ ਟੁੱਟਿਆ ਨਹੀਂ ਤੇ ਲੋਕ ਇਸ ਦੀ ਮਾਰ ਤੋਂ ਬਚੇ ਰਹੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਹਾਲਾਤ ਵਿੱਚ ਆਪਣੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ।

ਇਸ ਮੌਕੇ ਮੀਡੀਆ ਵੱਲੋਂ ਪਿੰਡਾਂ ਵਿੱਚ ਵੱਖ ਵੱਖ ਬਿਮਾਰੀਆਂ ਦੇ ਆ ਰਹੇ ਕੇਸਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਹਲਕੇ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਵੱਲੋਂ ਭੇਜੀਆਂ ਮੈਡੀਕਲ ਵੈਨਾਂ ਪਿੰਡ ਪਿੰਡ ਜਾ ਕੇ ਲੋਕਾਂ ਦੀ ਸਿਹਤ ਜਾਂਚ ਕਰ ਰਹੀਆਂ ਹਨ ਤੇ ਲੋੜ ਮੁਤਾਬਕ ਹਰ ਸਿਹਤ ਸਹੂਲਤ ਦਿੱਤੀ ਜਾ ਰਹੀ ਹੈ।

ਇਸ ਮੌਕੇ ਕੈਬਨਿਟ ਮੰਤਰੀ ਦੇ ਓ.ਐੱਸ. ਡੀ. ਤਪਿੰਦਰ ਸਿੰਘ ਸੋਹੀ, ਮਾਰਕਿਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਸੰਗਰੂਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਐੱਸ.ਡੀ.ਐਮ. ਦਿੜ੍ਹਬਾ ਰਾਜੇਸ਼ ਕੁਮਾਰ, ਐੱਸ.ਡੀ.ਐਮ. ਸੁਨਾਮ ਸ਼੍ਰੀ ਪ੍ਰਮੋਦ ਸਿੰਗਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਵੱਡੀ ਗਿਣਤੀ ਸੂਲਰ ਘਰਾਟ ਵਾਸੀ ਹਾਜ਼ਰ ਸਨ।