ਡੇਂਗੂ ਤੇ ਮਲੇਰੀਆ ਵਿਰੋਧ ਮੁਹਿੰਮ ਤਹਿਤ ਅਮਰਗੜ੍ਹ ਵਿਖੇ ਕੀਤਾ ਵਿਸੇ਼ਸ ਸਰਵੇ ,ਨਾਲ ਹੀ ਕਰਵਾਈ ਗਈ ਫੋਗਿੰਗ
ਅਮਰਗੜ/ਮਾਲੇਰਕੋਟਲਾ , 06 ਸਤੰਬਰ :
ਪੰਜਾਬ ਸਰਕਾਰ ਲੋਕਾਂ ਦੀ ਸਿਹਤ ਸੁਰੱਖਿਆ ਲਈ ਡੇਂਗੂ ਅਤੇ ਮਲੇਰੀਆ ਵਰਗੀਆਂ ਮੌਸਮੀ ਬਿਮਾਰੀਆਂ ਤੋਂ ਬਚਾਅ ਵਾਸਤੇ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਡੇਂਗੂ ਦੀ ਜਾਂਚ ਲਈ ਅਲਾਈਜਾ ਟੈਸਟ ਜਿਲ੍ਹਾ ਹਸਪਤਾਲ ‘ਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸਾ ਨਿਰਦੇਸਾ ਤਹਿਤ ਅਮਰਗੜ੍ਹ ਵਿਖੇ ਡੇਂਗੂ ਤੇ ਮਲੇਰੀਆ ਵਿਰੋਧ ਮੁਹਿੰਮ ਤਹਿਤ ਵਿਸੇ਼ਸ ਸਰਵੇ ਕਰਵਾਇਆ ਗਿਆ ।
ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿੱਚ ਬੁਖ਼ਾਰ ਤੋਂ ਪੀੜਤ 737 ਮਰੀਜ਼ਾਂ ਵੱਲੋਂ ਅਲਾਈਜਾ ਟੈਸਟ ਕਰਵਾਇਆ ਗਿਆ, ਜਿਨ੍ਹਾਂ ‘ਚੋਂ ਹੁਣ ਤੱਕ 24 ਮਰੀਜ਼ਾਂ ਦਾ ਟੈਸਟ ਪੋਜਟਿਵ ਪਾਇਆ ਗਿਆ। ਪੋਜਟਿਵ ਮਰੀਜ਼ ਬਿਲਕੁਲ ਤੰਦਰੁਸਤ ਹਨ। ਅੱਜ ਕੀਤੇ ਗਏ ਟੈਸਟਾਂ ‘ਚੋਂ 2 ਮਰੀਜ਼ ਪੋਜਟਿਵ ਆਏ ਹਨ, ਜਿਨ੍ਹਾਂ ‘ਚੋਂ ਇਕ ਗੁਆਰਾ ਤੇ ਉੱਪਲ ਖੇੜੀ ਪਿੰਡ ਦਾ ਹੈ। ਉਨਾਂ ਦੱਸਿਆ ਕਿ ਪਹਿਲਾਂ ਅਮਰਗੜ੍ਹ ਅਧੀਨ ਇਕ-ਇੱਕ ਕੇਸ ਪਿੰਡ ਤੋਲਾਵਾਲ, ਬਾਗੜੀਆਂ ਅਤੇ ਗਿਆਨੀ ਜ਼ੈਲ ਸਿੰਘ ਕਲੋਨੀ ‘ਚ ਪਾਏ ਗਏ ਸਨ। ਜਿਲ੍ਹਾ ਮਾਲੇਰਕੋਟਲਾ ਅਧੀਨ ਕੋਈ ਵੀ ਮੌਤ ਡੇਂਗੂ ਕਾਰਨ ਨਹੀਂ ਹੋਈ।
ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਾਣੀ ਦੇ ਟੈਂਕਾਂ, ਕੂਲਰਾਂ ਅਤੇ ਖੜ੍ਹੇ ਪਾਣੀ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਮੱਛਰਾਂ ਦੇ ਪ੍ਰਕੋਪ ਨੂੰ ਰੋਕਿਆ ਜਾ ਸਕੇ। ਇਸ ਮੁਹਿੰਮ ਤਹਿਤ ਅਮਰਗੜ੍ਹ ਵਿਖੇ ਫੀਵਰ ਸਰਵੇ ਤੋਂ ਇਲਾਵਾ ਫੋਗਿੰਗ ਵੀ ਕੀਤੀ ਗਈ ਅਤੇ ਬੁਖਾਰ ਵਾਲੇ ਸ਼ੱਕੀ ਮਰੀਜਾਂ ਦੀਆਂ ਬਲੱਡ ਸਲਾਈਡਾਂ ਤਿਆਰ ਕੀਤੀਆਂ ਗਈਆਂ ਅਤੇ ਆਰ ਡੀ.ਟੀ. ਕਿੱਟਾਂ ਰਾਹੀਂ ਮਲੇਰੀਆ ਟੈਸਟ ਵੀ ਕੀਤੇ ਗਏ।
ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਦੇ ਲੱਛਣਾਂ, ਇਲਾਜ ਅਤੇ ਬਚਾਅ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਉਪਰਾਲੇ ਮੁਫ਼ਤ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਡੇਂਗੂ ਅਤੇ ਮਲੇਰੀਆ ਦੀ ਮੁਫ਼ਤ ਜਾਂਚ ਅਤੇ ਇਲਾਜ ਉਪਲਬਧ ਹੈ। ਰੈਪਿਡ ਰਿਸਪਾਂਸ ਟੀਮਾਂ ਬਲਾਕ ਪੱਧਰ 'ਤੇ ਬਣੀਆਂ ਹੋਈਆਂ ਹਨ ਜੋ ਮਰੀਜ਼ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਕਾਰਵਾਈ ਕਰਦੀਆਂ ਹਨ। ਫੋਗਿੰਗ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਵਾਉਣ ਤੋਂ ਇਲਾਵਾ ਲਾਰਵਾ ਸਰਵੇ ਅਤੇ ਖੜ੍ਹੇ ਪਾਣੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਮਰੀਜ਼ਾਂ ਲਈ ਵਿਸ਼ੇਸ਼ ਸਹੂਲਤਾਂ ਤਹਿਤ ਜ਼ਿਲ੍ਹਾ ਹਸਪਤਾਲ ਅਤੇ ਸੀਐੱਚਸੀ ਵਿਚ ਡੇਂਗੂ ਅਤੇ ਮਲੇਰੀਆ ਲਈ ਖ਼ਾਸ ਵਾਰਡ ਬਣਾਏ ਗਏ ਹਨ, ਜਿੱਥੇ 24 ਘੰਟੇ ਸਹੂਲਤਾਂ ਉਪਲਬਧ ਹਨ। ਉਨ੍ਹਾਂ ਲੋਕ ਆਪਣੇ ਘਰਾਂ ਨੂੰ ਅਪੀਲ ਕੀਤੀ ਕਿ ਆਪਣੇ ਆਸ ਪਾਸ ਖੜ੍ਹਾ ਪਾਣੀ ਨਾ ਇਕੱਠਾ ਹੋਣ ਦੇਣ, ਟੈਂਕਾਂ ਨੂੰ ਢੱਕ ਕੇ ਰੱਖਣ ਅਤੇ ਬੁਖ਼ਾਰ ਆਉਣ ਦੀ ਸਥਿਤੀ 'ਚ ਤੁਰੰਤ ਸਰਕਾਰੀ ਹਸਪਤਾਲ ਵਿਚ ਜਾਣ।