ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਲੋਟ ਦੇ ਭਾਰੀ ਬਾਰਿਸ਼ਾਂ ਨਾਲ ਨੁਕਸਾਨੇ ਪਿੰਡਾਂ ‘ਚ ਕਰੀਬ 16.88 ਲੱਖ ਰੁਪਏ ਮੁਆਵਜੇ ਦੇ ਚੈੱਕ ਵੰਡੇ
ਮਲੋਟ/ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਮਲੋਟ ਹਲਕੇ ਦੇ ਪਿੰਡ ਲਕੱੜਵਾਲਾ, ਥੇਹੜ੍ਹੀ ਅਤੇ ਸ਼ੇਰਗੜ੍ਹ ਵਿਖੇ ਕਰੀਬ 16.88 ਲੱਖ ਰੁਪਏ ਮੁਆਵਜੇ ਦੇ ਚੈੱਕ ਵੰਡੇ ਗਏ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਨੂੰ ਇਸ ਸਾਲ ਹੜ੍ਹਾਂ ਦੀ ਕੁਦਰਤੀ ਮਾਰ ਕਾਰਨ ਬਹੁਤ ਨੁਕਸਾਨ ਝਲਣਾ ਪਿਆ ਹੈ। ਉਨਾਂ ਕਿਹਾ ਕਿ ਮਲੇਟ ਹਲਕੇ ਦੇ ਕੁਝ ਏਰੀਆ ਭਾਰੀ ਬਾਰਿਸ਼ਾ ਕਾਰਨ ਵੀ ਪ੍ਰਭਾਵਿਤ ਹੋਏ ਹਨ, ਉਨਾਂ ਵਿਚੋਂ ਤਿੰਨ ਪਿੰਡ ਨੂੰ ਅੱਜ ਮੁਆਵਜੇ ਦੇ ਚੈੱਕ ਵੰਡੇ ਗਏ ਹਨ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਨੇ ਜੋ ਮਿਸ਼ਨ ਸ਼ੁਰੂ ਕੀਤਾ ਸੀ ‘ਚੜਦੀਕਲਾ’ ਉਸ ਮਿਸ਼ਨ ਦਾ ਮਕਸਦ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਚੜਦੀਕਲਾ ਵਿੱਚ ਰੱਖਣਾ ਹੈ, ਜਿਹੜੇ ਕਿ ਕੁਦਰਤੀ ਆਫਤਾ ਦੀ ਮਾਰ ਕਰਕੇ ਕਈ ਵਾਰ ਮਨ ਨੂੰ ਢਾਹ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਮਲੋਟ ਹਲਕੇ ਚ ਭਾਵੇਂ ਹੜ੍ਹ ਨਹੀਂ ਆਏ ਪਰੰਤੂ ਭਾਰੀ ਭਾਰਿਸ਼ਾ ਕਾਰਨ ਜਿਥੇ ਵੀ ਫਸਲਾਂ ਪ੍ਰਭਾਵਿਤ ਹੋਈਆਂ ਹਨ, ਉਨਾਂ ਦਾ ਮੁਆਵਜਾ ਪੰਜਾਬ ਸਰਕਾਰ ਇੰਨੀ ਜਲਦੀ ਉਨਾਂ ਨੂੰ ਦੇਣ ਜਾ ਰਹੀ ਹੈ , ਇਹ ਕਦੇ ਇਤਿਹਾਸ ਚ ਪਹਿਲਾਂ ਨਹੀਂ ਹੋਇਆ। ਉਨਾਂ ਕਿਹਾ ਕਿ ਬਾਰਿਸ਼ ਕਾਰਨ ਜਿਨਾਂ ਘਰਾਂ ਦਾ ਨੁਕਸਾਨ ਹੋਇਆ ਹੈ, ਉਨਾਂ ਨੂੰ ਵੀ ਮੁਆਵਜਾ ਜਲਦ ਦਿੱਤਾ ਜਾਵੇਗਾ, ਕਿਸੇ ਨੂੰ ਵੀ ਇਸ ਵਿੱਚ ਵਾਂਝਾ ਨਹੀਂ ਰੱਖਾਂਗੇ।
ਇਸ ਮੌਕੇ ਐਸ.ਡੀ.ਐਮ ਜੁਗਰਾਜ ਸਿੰਘ ਕਾਹਲੋਂ, ਤਹਿਸੀਲਦਾਰ ਮਲੋਟ ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਦੀਪਕ ਭਾਰਤਵਾਜ, ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।