ਸਕੂਲ ਬੱਸਾਂ ਦੀ ਚੈਕਿੰਗ; ਦਰਜਨ ਦੇ ਕਰੀਬ ਕੱਟੇ ਚਲਾਨ
ਭਵਾਨੀਗੜ੍ਹ, 15 ਅਕਤੂਬਰ
ਰਿਜਨਲ ਟਰਾਂਸਪੋਰਟ ਅਫਸਰ, ਸੰਗਰੂਰ, ਸ਼੍ਰੀ ਨਮਨ ਮਾਰਕੰਨ ਦੀ ਅਗਵਾਈ ਵਿੱਚ ਭਵਾਨੀਗੜ੍ਹ ਦੇ ਸਕੂਲਾਂ ਸਬੰਧੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸਹਾਇਕ ਰਿਜਨਲ ਟਰਾਂਸਪੋਰਟ ਅਫਸਰ ਕਰਨਬੀਰ ਅਤੇ ਗੁਰਜੀਤ ਸਿੰਘ ਸਮੇਤ ਬਾਲ ਸੁਰੱਖਿਆ ਦਫਤਰ ਦਾ ਨੁਮਾਇੰਦਾ ਅਤੇ ਟ੍ਰੈਫਿਕ ਪੁਲਿਸ ਵੀ ਮੌਜੂਦ ਸੀ। ਇਸ ਦੌਰਾਨ ਕਮੀਆਂ ਵਾਲੀਆਂ ਲਗਪਗ ਦਰਜਨ ਦੇ ਕਰੀਬ ਬੱਸਾਂ ਦੇ ਚਲਾਨ ਕੀਤੇ ਗਏ ਅਤੇ ਚੇਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਕਮੀਆਂ ਵਾਲੀਆਂ ਸਕੂਲ ਬੱਸਾਂ ਦੇ ਕਾਗਜ਼, ਡਰਾਈਵਰ ਦੀ ਵਰਦੀ, ਅੱਗ ਬੁਝਾਊ ਯੰਤਰ ਅਤੇ ਮੁੱਢਲੀ ਸਹਾਇਤਾ ਬਾਕਸ ਮੁਕੰਮਲ ਰੱਖੇ ਜਾਣ। ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਨਮਨ ਮਾਰਕੰਨ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੱਸਾਂ ਦੇ ਫਿਟਨੈਸ ਸਰਟੀਫਿਕੇਟ, ਪ੍ਰਦੂਸ਼ਣ ਸਰਟੀਫਿਕੇਟ, ਇੰਸ਼ੋਰੈਂਸ, ਸਪੀਡ ਗਵਰਨਰ, ਡਰਾਇਵਰ ਤੇ ਹੈਲਪਰ ਦੀ ਵਰਦੀ ਆਦਿ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਰੱਖਿਆ ਜਾਣਾ ਲਾਜ਼ਮੀ ਹੈ।
ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੇਫ ਸਕੂਲ ਵਾਹਨ ਸਕੀਮ ਤਹਿਤ ਨਿਯਮਾਂ ਦੀ ਇਨ-ਬਿਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ੀਰੋ ਟਾਲਰੈਂਸ ਨੀਤੀ ਨੂੰ ਅਪਣਾਇਆ ਗਿਆ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਸਕੂਲ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਿਥੇ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਉੱਥੇ ਬਣਦੇ ਚਲਾਨ ਕੀਤੇ ਜਾ ਰਹੇ ਹਨ। ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
ਵੱਖ ਵੱਖ ਵਿਭਾਗਾਂ ਨੂੰ ਵੀ ਆਪਣੇ ਪੱਧਰ 'ਤੇ ਬੱਚਿਆਂ ਦੀ ਸੁਰਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਵਾਹਨਾਂ ਦੀ ਚੈਕਿੰਗ ਕਰਨ ਅਤੇ ਸੇਫ ਸਕੂਲ ਵਾਹਨ ਪਾਲਿਸੀ ਲਾਗੂ ਕਰਨ ਬਾਰੇ ਵੀ ਕਿਹਾ ਗਿਆ ਹੈ।