ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੱਲੋਂ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਸਮੇਤ ਪਵਿੱਤਰ ਤਿਉਹਾਰਾਂ ਦੀਆਂ ਵਧਾਈਆਂ

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੱਲੋਂ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਸਮੇਤ ਪਵਿੱਤਰ ਤਿਉਹਾਰਾਂ ਦੀਆਂ ਵਧਾਈਆਂ

ਚੰਡੀਗੜ੍ਹ/ਗੜ੍ਹਸ਼ੰਕਰ, 19 ਅਕਤੂਬਰ:

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਹਲਕਾ ਗੜ੍ਹਸ਼ੰਕਰ ਸਮੇਤ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਸਮੇਤ ਹੋਰਨਾਂ ਪਵਿੱਤਰ ਤਿਉਹਾਰਾਂ ਦੀਆਂ ਵਧਾਈਆਂ ਦਿੱਤੀਆਂ ਹਨ।

ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਸਾਨੂੰ ਸਾਡੇ ਰਵਾਇਤੀ ਤਿਉਹਾਰਾਂ ਨੂੰ ਪੂਰੀ ਮਾਣ ਅਤੇ ਮਰਿਆਦਾ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਗੁਰੂਆਂ-ਪੀਰਾਂ ਵੱਲੋਂ ਸੱਚ ਦੇ ਮਾਰਗ ਦੇ ਚੱਲਣ ਦੀਆਂ ਦਿੱਤੀਆਂ ਸਿੱਖਿਆਵਾਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ।

ਸਭਨਾਂ ਦੀ ਸੁੱਖ-ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਡਿਪਟੀ ਸਪੀਕਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਜਿਹੇ ਪਵਿੱਤਰ ਦਿਹਾੜੇ ਰਵਾਇਤੀ ਢੰਗ ਨਾਲ ਮਨਾਏ ਜਾਣ ਅਤੇ ਪਟਾਕੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਨਾਲ ਜਿੱਥੇ ਪ੍ਰਦੂਸ਼ਣ ਫੈਲਦਾ ਹੈ, ਉੱਥੇ ਇਨ੍ਹਾਂ ਦੇ ਧਮਾਕਿਆਂ ਨਾਲ ਬੇਜ਼ੁਬਾਨ ਜਾਨਵਰਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ। ਇਸ ਲਈ ਸਾਨੂੰ ਇਨਸਾਨੀਅਤ ਦੇ ਨਾਤੇ ਅਜਿਹਾ ਕੋਈ ਵੀ ਗ਼ਲਤ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿਸੇ ਦੂਸਰੇ ਦਾ ਨੁਕਸਾਨ ਹੁੰਦਾ ਹੋਵੇ।

ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਵਿਸ਼ਵਕਰਮਾ ਦਿਹਾੜੇ ਦੀਆਂ ਮੁਬਾਰਕਾਂ ਸਾਂਝੀਆਂ ਕਰਦਿਆਂ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਨੇ ਸਾਨੂੰ ਕਿਰਤ ਅਤੇ ਹੁਨਰ ਨਾਲ ਜੋੜਿਆ ਹੈ, ਇਸ ਲਈ ਸਾਨੂੰ ਆਪਣੇ ਕੰਮ ਪ੍ਰਤੀ ਵਫ਼ਦਾਰ ਰਹਿਣਾ ਚਾਹੀਦਾ ਹੈ ਅਤੇ ਔਜ਼ਾਰਾਂ ਦੀ ਹਮੇਸ਼ਾ ਇੱਜ਼ਤ ਕਰਨੀ ਚਾਹੀਦੀ ਹੈ।