ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਬਜ਼ੁਰਗਾਂ ਅਤੇ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਦੀਵਾਲੀ ਦੀਆਂ ਖੁਸ਼ੀਆਂ

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਬਜ਼ੁਰਗਾਂ ਅਤੇ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਦੀਵਾਲੀ ਦੀਆਂ ਖੁਸ਼ੀਆਂ

ਹੁਸ਼ਿਆਰਪੁਰ, 19 ਅਕਤੂਬਰ :
        ਦੀਵਾਲੀ ਦੇ ਪਵਿੱਤਰ ਤਿਉਹਾਰ ਸਬੰਧੀ ਅੱਜ ਰਾਮ ਕਲੋਨੀ ਕੈਂਪ ਸਥਿਤ ਬਿਰਧ ਆਸ਼ਰਮ ਅਤੇ ਆਬਜ਼ਰਵੇਸ਼ਨ ਹੋਮ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ  ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ -ਕਮ-ਪ੍ਰਧਾਨ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਥੇ ਮੌਜੂਦ ਬਜ਼ੁਰਗਾਂ ਅਤੇ ਬੱਚਿਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਨੇ  ਬਜ਼ੁਰਗਾਂ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਠਿਆਈਆਂ, ਤੋਹਫੇ ਅਤੇ ਹੋਰ ਜ਼ਰੂਰੀ ਵਸਤਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਦੀਵਾਲੀ ਦਾ ਅਸਲੀ ਅਰਥ ਕੇਵਲ ਘਰਾਂ ਨੂੰ ਰੌਸ਼ਨੀ ਨਾਲ ਸਜਾਉਣਾ ਨਹੀਂ ਬਲਕਿ ਲੋੜਵੰਦਾਂ ਦੇ ਜੀਵਨ ਵਿਚ ਵੀ ਉਜਾਲਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰੇਕ ਵਰਗ ਨੂੰ ਇਸ ਤਰ੍ਹਾਂ ਦੇ ਯਤਨਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਸਮਾਜਿਕ ਸਮਾਨਤਾ ਅਤੇ ਮਾਨਵੀ ਸੰਵੇਦਨਾਵਾਂ ਹੋਰ ਮਜ਼ਬੂਤ ਹੋਣ।
ਰੈੱਡ ਕਰਾਸ ਸੁਸਾਇਟੀ ਵੱਲੋਂ ਬਿਰਧ ਆਸ਼ਰਮ ਦੇ 20 ਨਿਵਾਸੀਆਂ ਨੂੰ ਰਜਾਈ ਕਵਰ, ਊਨੀ ਬੈੱਡਸ਼ੀਟਾਂ, ਮਠਿਆਈ ਅਤੇ ਡਰਾਈ ਫਰੂਟ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਆਸ਼ਰਮ ਦੇ ਨਿਵਾਸੀਆਂ ਨੇ ਵੀ ਦੀਵਾਲੀ ਦੇ ਗੀਤ ਗਾ ਕੇ ਅਤੇ ਭਜਨਾਂ ਦੀ ਪੇਸ਼ਕਾਰੀ ਕਰਕੇ ਸਾਰਿਆਂ ਦਾ ਮਨ ਮੋਹ ਲਿਆ।
ਆਬਜ਼ਰਵੇਸ਼ਨ ਹੋਮ ਦੇ ਬੱਚਿਆਂ ਨੂੰ ਦੀਵਾਲੀ ਤੋਹਫ਼ੇ ਵਜੋਂ 1 ਵਾਟਰ ਪਿਊਰੀਫਾਇਰ (ਆਰ.ਓ ਸਿਸਟਮ), 2 ਸਮਾਰਟ ਐਲ.ਈ.ਡੀ. ਟੀ.ਵੀ (55 ਇੰਚ), 20 ਸਲੀਪਿੰਗ ਮੈਟਰੈਸ, 80 ਪਲੇਟਾਂ, 100 ਚਮਚੇ ਅਤੇ 10 ਊਨੀ ਕੰਬਲ ਭੇਟ ਕੀਤੇ ਗਏ। ਬੱਚਿਆਂ ਨੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਪ੍ਰੋਗਰਾਮ ਵਿਚ ਉਤਸਾਹ ਦਾ ਮਾਹੌਲ ਬਣਾ ਦਿੱਤਾ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੋਵਾਂ ਸੰਸਥਾਵਾਂ ਵਿਚ ਸੰਬੋਧਨ ਕਰਦੇ ਹੋਏ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਜ਼ਰੂਰਤ ਲਈ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
   ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਪਾਵਨ ਤਿਉਹਾਰ ਸਾਰਿਆਂ ਦੇ ਜੀਵਨ ਵਿਚ ਖੁਸ਼ੀਆਂ, ਸ਼ਾਂਤੀ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਲੈ ਕੇ ਆਵੇ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਲੋਕ ਦੀਵਾਲੀ ਨੂੰ ਸੁਰੱਖਿਅਤ, ਸਾਫ-ਸੁਥਰਾ ਅਤੇ ਵਾਤਾਵਰਨ ਅਨੁਕੂਲ ਢੰਗ ਨਾਲ ਮਨਾਉਣ, ਤਾਂ ਜੋ ਇਹ ਤਿਉਹਾਰ ਸਕਰਾਤਮਕ ਅਤੇ ਪ੍ਰੇਮ ਦਾ ਪ੍ਰਤੀਕ ਬਣੇ।
ਪ੍ਰੋਗਰਾਮ ਵਿਚ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਸੰਯੁਕਤ ਸਕੱਤਰ ਆਦਿੱਤਿਆ ਰਾਣਾ, ਰਾਜੀਵ ਬਜਾਜ, ਸੁਪਰਡੰਟ ਪੁਨੀਤ ਕੁਮਾਰ, ਡੀ.ਸੀ.ਪੀ.ਓ ਹਰਪ੍ਰੀਤ ਕੌਰ, ਸੀ.ਡੀ.ਪੀ.ਓ ਦਿਆ ਰਾਣੀ, ਬਲਜਿੰਦਰ ਸਿੰਘ, ਸੰਜੀਵਨ ਸਿੰਘ, ਪਵਨ ਕੁਮਾਰ, ਹਰਪ੍ਰੀਤ ਕੌਰ ਅਤੇ ਹੋਰ ਪਤਵੰਤੇ ਮੌਜੂਦ ਸਨ।