ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ

ਧੂਰੀ (ਸੰਗਰੂਰ), 29 ਅਕਤੂਬਰ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ।
ਆਪਣੇ ਸੰਬੋਧਨ ਵਿੱਚ ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਲੋਕਾਂ ਦੀ ਸੇਵਾ ਲਈ ਸਹੀ ਮਾਅਨਿਆਂ ਵਿੱਚ ਵਿਲੱਖਣ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਹੇਠ ਤੀਰਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਚੋਣ ਡਰਾਅ ਰਾਹੀਂ ਕਰਕੇ ਪੂਰਨ ਪਾਰਦਰਸ਼ਤਾ ਅਪਣਾਈ ਗਈ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਮਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਲਈ ਲੋਚਦੇ ਹਨ ਜਿਸ ਕਰਕੇ ਦਰਸ਼ਨ ਕਰਨ ਦੀ ਤਾਂਘ ਪੂਰੀ ਕਰਨ ਲਈ ਇਹ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ।
ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਯਾਤਰਾ ਦੌਰਾਨ ਸੰਗਤ ਨਾਲ ਇਕ ਮੈਡੀਕਲ ਟੀਮ ਵੀ ਜਾਵੇਗੀ ਤਾਂ ਕਿ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਤੁਰੰਤ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੇ ਸ਼ਰਧਾਲੂਆਂ ਨੂੰ ਪ੍ਰਸਾਦ ਵੀ ਵੰਡਿਆ ਜਾਵੇਗਾ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਿਸੇ ਕਾਰਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਲੋਕਾਂ ਲਈ ਇਹ ਸਕੀਮ ਵਰਦਾਨ ਸਾਬਤ ਹੋਵੇਗੀ। ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੌਰਾਨ ਪੰਜਾਬ ਦੀ ਤਰੱਕੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਬੇਨਤੀ ਕਰਨ ਦੀ ਅਪੀਲ ਕੀਤੀ।
ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਪੰਜਾਬ  ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ, ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ ਜਿਨ੍ਹਾਂ ਨੇ ਭਾਈਚਾਰਕ ਸਾਂਝ, ਏਕਤਾ ਅਤੇ ਫਿਰਕੂ ਸਦਭਾਵਨਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜਿਕ ਤੇ ਧਾਰਮਿਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਵਾਸੀਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਬਜ਼ੁਰਗਾਂ ਦੇ ਮਨ ਵਿੱਚ ਲੰਮੇ ਸਮੇਂ ਤੋਂ ਪਾਵਨ ਅਸਥਾਨਾਂ ਦੇ ਦਰਸ਼ਨ ਕਰਨ ਦੀ ਤਾਂਘ ਸੀ, ਉਨ੍ਹਾਂ ਲੋਕਾਂ ਦੀ ਇੱਛਾ ਪੂਰੀ ਹੋਵੇਗੀ।
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਇਹ ਦੂਜਾ ਗੇੜ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਯਾਤਰਾ ਲਈ ਹਰੇਕ ਵਿਧਾਨ ਸਭਾ ਹਲਕੇ ਤੋਂ 16 ਹਜ਼ਾਰ ਸ਼ਰਧਾਲੂਆਂ ਦੀ ਚੋਣ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ, ਭਗਵਾਨ ਵਾਲਮੀਕਿ ਤੀਰਥ ਸਥਲ, ਜਲ੍ਹਿਆਂਵਾਲਾ ਬਾਗ, ਪਾਰਟੀਸ਼ਨ ਮਿਊਜ਼ੀਅਮ ਅਤੇ ਅੰਮ੍ਰਿਤਸਰ ਦੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਨਾਗਰਿਕ ਪੰਜਾਬ ਵਿੱਚ ਸ੍ਰੀ ਅਨੰਦਪੁਰ ਸਾਹਿਬ ਅਤੇ ਹਿਮਾਚਲ ਪ੍ਰਦੇਸ਼ ਦੇ ਮਾਤਾ ਨੈਣਾ ਦੇਵੀ ਮੰਦਰ ਵਰਗੀਆਂ ਪਵਿੱਤਰ ਥਾਵਾਂ ਦੇ ਦਰਸ਼ਨ ਵੀ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਅਧੀਨ ਸਾਰੇ ਵਰਗਾਂ, ਧਰਮਾਂ, ਵੱਖ-ਵੱਖ ਆਮਦਨ ਗਰੁੱਪਾਂ ਅਤੇ ਖਿੱਤਿਆਂ ਨਾਲ ਸਬੰਧਤ ਲੋਕ ਯਾਤਰਾ ਉੱਤੇ ਜਾ ਰਹੇ ਹਨ। ਸ਼ਰਧਾਲੂਆਂ ਨੂੰ ਇਸ ਯਾਤਰਾ ਦੌਰਾਨ ਤਿੰਨ ਦਿਨ ਤੇ ਦੋ ਰਾਤਾਂ ਦੀ ਠਹਿਰ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯਾਤਰਾ ਲਈ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸ਼ਰਧਾਲੂ ਯੋਗ ਹੋਣਗੇ। ਇਸ ਲਈ ਰਜਿਸਟ੍ਰੇਸ਼ਨ ਵਾਸਤੇ ਵੋਟਰ ਕਾਰਡ ਲਾਜ਼ਮੀ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰੇਕ 100 ਰਜਿਸਟਰਡ ਵਿਅਕਤੀਆਂ ਵਿੱਚੋਂ ਹਰੇਕ ਬੂਥ ਤੋਂ ਡਰਾਅ ਰਾਹੀਂ 40 ਸ਼ਰਧਾਲੂਆਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਸ਼ਰਧਾਲੂਆਂ ਨੂੰ ਏ.ਸੀ. ਬੱਸਾਂ, ਏ.ਸੀ. ਹੋਟਲਾਂ ਦੀ ਠਹਿਰ ਦੇ ਨਾਲ-ਨਾਲ ਖਾਣਾ ਵੀ ਮੁਹੱਈਆ ਕੀਤਾ ਜਾਵੇਗਾ। ਹਰੇਕ ਬੱਸ ਵਿੱਚ ਯਾਤਰੂਆਂ ਦੀ ਮਦਦ ਲਈ ਇਕ ਸਹਾਇਕ ਵੀ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਫ਼ਲਸਫ਼ੇ ਦੇ ਅਨੁਸਾਰ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਲੋਕਾਈ ਨੂੰ ਪਿਆਰ, ਭਾਈਚਾਰਕ ਸਾਂਝ ਤੇ ਅਮਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਮਾਜ ਦਾ ਇਕ ਵੱਡਾ ਵਰਗ ਕਿਸੇ ਨਾ ਕਿਸੇ ਕਾਰਨ ਦੇਸ਼ ਭਰ ਦੇ ਇਨ੍ਹਾਂ ਧਾਰਮਿਕ ਸਥਾਨਾਂ ਦੀ ਯਾਤਰਾ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਰੇਲਵੇ ਮੰਤਰਾਲੇ ਨਾਲ ਵੀ ਤਾਲਮੇਲ ਕੀਤਾ ਹੈ ਤਾਂ ਕਿ ਯਾਤਰੂਆਂ ਨੂੰ ਦੂਜੇ ਸੂਬਿਆਂ ਦਾ ਵੀ ਸਫ਼ਰ ਕਰਵਾਇਆ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ਼ਰਧਾਲੂਆਂ ਨੂੰ ਦੇਸ਼ ਤੇ ਸੂਬੇ ਦੀਆਂ ਵੱਖ-ਵੱਖ ਪਵਿੱਤਰ ਥਾਵਾਂ ਦੀ ਯਾਤਰਾ ਕਰਨ ਦੀ ਸਹੂਲਤ ਦੇਣ ਲਈ ਇਹ ਸਕੀਮ ਸ਼ੁਰੂ ਕੀਤੀ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਆਪ ਨੂੰ ਭਾਗਾਂ ਵਾਲੀ ਸਮਝਦੀ ਹੈ ਕਿ ਪਰਮਾਤਮਾ ਨੇ ਉਸ ਨੂੰ ਲੋਕਾਈ ਦੀ ਅਜਿਹੀ ਸੇਵਾ ਕਰਨ ਦਾ ਸੁਭਾਗ ਬਖ਼ਸ਼ਿਆ ਹੈ। ਉਨ੍ਹਾਂ ਨੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਸਮਾਗਮਾਂ, ਨਗਰ ਕੀਰਤਨਾਂ ਅਤੇ ਮੁੱਖ ਸਮਾਗਮਾਂ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਇਤਿਹਾਸਕ ਮੌਕੇ ਨੂੰ ਲੜੀਵਾਰ ਸਮਾਗਮਾਂ ਰਾਹੀਂ ਯਾਦਗਾਰੀ ਬਣਾਉਣ ਲਈ ਪਹਿਲਾਂ ਹੀ ਵਿਸਥਾਰਤ ਪ੍ਰੋਗਰਾਮਾਂ ਦੀ ਲੜੀ ਉਲੀਕੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਬਰਿੰਦਰ ਕੁਮਾਰ ਗੋਇਲ, ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਤੇ ਹੋਰ ਹਾਜ਼ਰ ਸਨ। 

Latest

ਛੇ ਭੈਣਾਂ, ਇਕ ਮੰਚ, ਬੇਅੰਤ ਜਜ਼ਬਾਤ — "ਬੜਾ ਕਰਾਰਾ ਪੂਦਣਾ" ਪੰਜਾਬੀ ਸਿਨੇਮਾ ‘ਚ ਔਰਤਪੁਣੇ ਨੂੰ ਇੱਕ ਨਵੀਂ ਪਰਿਭਾਸ਼ਾ ਦਵੇਗਾ
'ਯੁੱਧ ਨਸ਼ਿਆਂ ਵਿਰੁੱਧ’ ਦੇ 242ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.4 ਕਿਲੋ ਹੈਰੋਇਨ ਅਤੇ 1.8 ਕਿਲੋ ਅਫ਼ੀਮ ਸਮੇਤ 87 ਨਸ਼ਾ ਤਸਕਰ ਕਾਬੂ
ਪੰਜਾਬ ਵਿੱਚ 1,400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਕੰਪਨੀ: ਸੰਜੀਵ ਅਰੋੜਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ
ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਸੀ.ਐਮ. ਮਾਨ ਨੇ ਆਰ.ਟੀ.ਓ. ਦਫ਼ਤਰ ‘ਤੇ ਲਾਇਆ ਤਾਲਾ, ਹੁਣ 1076 ਡਾਇਲ ਕਰਨ ‘ਤੇ ਘਰ ਆ ਕੇ ਕੰਮ ਕਰਨਗੇ ਆਰ.ਟੀ.ਓ. ਕਰਮਚਾਰੀ