ਪੰਜਾਬ ਪੁਲਿਸ ਵੱਲੋਂ ਡਿਜੀਟਲ ਖ਼ਤਰਿਆਂ ਤੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਫਲੈਗਸ਼ਿਪ ਪਹਿਲਕਦਮੀ 'ਸਾਈਬਰ ਜਾਗੋ' ਦੀ ਸ਼ੁਰੂਆਤ
ਚੰਡੀਗੜ੍ਹ, 28 ਅਕਤੂਬਰ:
ਬੱਚਿਆਂ ਨੂੰ ਵੱਧ ਰਹੇ ਔਨਲਾਈਨ ਖਤਰਿਆਂ ਤੋਂ ਬਚਾਉਣ ਅਤੇ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅੱਜ "ਸਾਈਬਰ ਜਾਗੋ" ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ, ਜੋ ਸਕੂਲੀ ਬੱਚਿਆਂ ਨੂੰ ਇੰਟਰਨੈੱਟ ਸੇਫ਼ਟੀ ਅਤੇ ਇਸਦੀ ਸੁਰੱਖਿਅਤ ਵਰਤੋਂ ਬਾਰੇ ਜਾਗਰੂਕ ਕਰਨ ਲਈ ਇੱਕ ਪ੍ਰਮੁੱਖ ਰਾਜ ਵਿਆਪੀ ਪ੍ਰੋਗਰਾਮ ਹੈ।
ਇਸ ਪਹਿਲ ਦੀ ਸ਼ੁਰੂਆਤ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਦਿਓ ਨੇ ਸੀਨੀਅਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ, ਸਿੱਖਿਅਕਾਂ ਅਤੇ ਭਾਈਵਾਲ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕੀਤੀ। ਐਨਜੀਓ ਸਪੇਸਟੂਗ੍ਰੋ ਅਤੇ ਸਾਈਬਰ ਸੁਰੱਖਿਆ ਫਰਮਾਂ ਸਟਾਰਲਾਈਟ ਡੇਟਾ ਸਲਿਊਸ਼ਨਜ਼ ਅਤੇ ਸਾਈਬਰਕਾਪਸ ਕੰਪਲਾਇੰਸ ਸਲਿਊਸ਼ਨਜ਼ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ ਇਸ ਪਹਿਲ ਦਾ ਉਦੇਸ਼ ਇਨ੍ਹਾਂ ਵਰਕਸ਼ਾਪਾਂ ਰਾਹੀਂ ਪੰਜਾਬ ਭਰ ਦੇ ਲਗਭਗ ਪੰਜ ਲੱਖ ਸਕੂਲੀ ਬੱਚਿਆਂ ਨੂੰ ਕਵਰ ਕਰਨਾ ਹੈ।
ਪਹਿਲੀ ਟ੍ਰੇਨਿੰਗ ਆਫ਼ ਟ੍ਰੇਨਰਜ਼ ਵਰਕਸ਼ਾਪ ਵਿੱਚ ਸਰਕਾਰੀ ਸਕੂਲਾਂ ਦੇ 75 ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਬੱਚਿਆਂ ਲਈ ਔਨਲਾਈਨ ਸੁਰੱਖਿਆ ਬਾਰੇ ਇੱਕ ਪੋਸਟਰ ਅਤੇ ਬਰੋਸ਼ਰ ਵੀ ਜਾਰੀ ਕੀਤਾ ਗਿਆ।
ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਡੀਜੀਪੀ ਸਾਈਬਰ ਕ੍ਰਾਈਮ ਪੰਜਾਬ ਵੀ ਨੀਰਜਾ ਨੇ ਬੱਚਿਆਂ ਲਈ ਔਨਲਾਈਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੂਹਿਕ ਜ਼ਿੰਮੇਵਾਰੀ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ "ਬੱਚਿਆਂ ਦੀ ਮੌਜੂਦਾ ਪੀੜ੍ਹੀ ਡਿਜੀਟਲ ਦੁਨੀਆਂ ਵਿੱਚ ਡੂੰਘੀ ਤਰ੍ਹਾਂ ਰੁੱਝੀ ਹੋਈ ਹੈ। ਕੋਵਿਡ ਮਹਾਂਮਾਰੀ ਨੇ ਔਨਲਾਈਨ ਕਲਾਸਾਂ ਰਾਹੀਂ ਹਰ ਘਰ ਵਿੱਚ ਇੰਟਰਨੈਟ ਅਤੇ ਸਮਾਰਟਫੋਨ ਲਿਆਂਦੇ, ਜਿਸ ਨਾਲ ਬੱਚੇ ਆਪਣੇ ਮਾਪਿਆਂ ਨਾਲੋਂ ਤਕਨੀਕੀ ਤੌਰ ‘ਤੇ ਵਧੇਰੇ ਸਮਝਦਾਰ ਹੋ ਗਏ। ਉਨ੍ਹਾਂ ਕਿਹਾ ਕਿ ਜਿੱਥੇ ਇਨ੍ਹਾਂ ਸਹੂਲਤਾਂ ਕਰਕੇ ਸਫ਼ਲਤਾ ਦੇ ਮੌਕੇ ਵਧੇ ਹਨ, ਉੱਥੇ ਇਸ ਕਰਕੇ ਬੱਚਿਆਂ ਨੂੰ ਕਈ ਔਨਲਾਈਨ ਜੋਖ਼ਮ ਵੀ ਦਰਪੇਸ਼ ਹਨ।
ਐਨੂਅਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ (ਏ.ਐਸ.ਈ.ਆਰ.) 2025 ਦੇ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹੁਣ 14-16 ਸਾਲ ਉਮਰ ਵਰਗ ਦੇ 76 ਫ਼ੀਸਦ ਬੱਚੇ ਸੋਸ਼ਲ ਮੀਡੀਆ ਅਤੇ 57 ਫ਼ੀਸਦ ਸਿੱਖਿਆ ਲਈ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਡਿਜੀਟਲ ਸਮੱਗਰੀ ਦੀ ਵਿਆਪਕ ਉਪਲਬਧਤਾ ਨੇ ਅਣਉਚਿਤ ਸਮੱਗਰੀ ਅਤੇ ਸਾਈਬਰ ਖਤਰਿਆਂ ਵਿੱਚ ਵੀ ਵਾਧਾ ਕੀਤਾ ਹੈ।
ਇਸ ਪਹਿਲਕਦਮੀ ਦੇ ਪਿੱਛੇ ਦੀ ਧਾਰਨਾ ਬਾਰੇ ਦੱਸਦਿਆਂ ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਸਾਈਬਰ ਜਾਗੋ ਪ੍ਰੋਗਰਾਮ ਇਸ ਵਿਚਾਰ ਤੋਂ ਉਭਰਿਆ ਹੈ ਕਿ ਅਗਲੀ ਪੀੜ੍ਹੀ ਦੇ ਗਾਰਡੀਅਨ (ਰਖਵਾਲੇ) ਹੋਣ ਦੇ ਨਾਤੇ ਸਾਨੂੰ ਇਨ੍ਹਾਂ ਖ਼ਤਰਿਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਬੱਚਿਆਂ ਦੀ ਡਿਜੀਟਲ ਸੁਰੱਖਿਆ ਲਈ ਸਰਗਰਮ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਮਾਪਿਆਂ ਨੂੰ ਔਨਲਾਈਨ ਸੁਰੱਖਿਆ ਅਤੇ ਔਨਲਾਈਨ ਖਤਰਿਆਂ ਬਾਰੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਸਾਈਬਰ ਜਾਗੋ ਪ੍ਰੋਗਰਾਮ ਟ੍ਰੇਨਿੰਗ ਆਫ਼ ਟ੍ਰੇਨਰ ਵਰਕਸ਼ਾਪਾਂ ਰਾਹੀਂ ਪੰਜਾਬ ਭਰ ਦੇ 3,968 ਸਰਕਾਰੀ ਹਾਈ ਸਕੂਲਾਂ ਦੇ ਅਧਿਆਪਕਾਂ ਦੇ ਸਮਰੱਥਾ ਨਿਰਮਾਣ ਵਿੱਚ ਮਦਦ ਕਰੇਗਾ, ਜਿਸ ਵਿੱਚ ਸਾਈਬਰ ਹਾਈਜੀਨ ਅਤੇ ਸੁਰੱਖਿਅਤ ਔਨਲਾਈਨ ਅਭਿਆਸਾਂ, ਸੰਭਾਵਿਤ ਖ਼ਤਰਿਆਂ ਦੀ ਪਛਾਣ ਅਤੇ ਇਸਦੀ ਰਿਪੋਰਟਿੰਗ, ਸੁਰੱਖਿਅਤ ਸੋਸ਼ਲ ਮੀਡੀਆ ਆਚਰਨ ਅਤੇ ਡਿਜੀਟਲ ਸੰਚਾਰ, ਏਆਈ ਨਾਲ ਸਬੰਧਤ ਖਤਰਿਆਂ ਨੂੰ ਸਮਝਣ, ਓਸੀਐਸਈਏ (ਔਨਲਾਈਨ ਬਾਲ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ) ਨੂੰ ਪਛਾਣਨ ਅਤੇ ਇਸ ਨਾਲ ਨਜਿੱਠਣ ਅਤੇ ਰਿਪੋਰਟਿੰਗ ਪ੍ਰਕਿਰਿਆਵਾਂ ਅਤੇ ਢੁਕਵੀਆਂ ਕਾਨੂੰਨੀ ਵਿਵਸਥਾਵਾਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਅਧਿਆਪਕਾਂ ਨੂੰ ਹੁਨਰ ਨਾਲ ਲੈਸ ਕਰਨਾ ਹੈ।
ਇਸ ਪ੍ਰੋਗਰਾਮ ਤਹਿਤ ਅਧਿਆਪਕ ਸੰਭਾਵੀ ਖਤਰਿਆਂ ਦੀ ਪਛਾਣ ਅਤੇ ਇਸ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਆਪੋ-ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਗੇ।





