ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਸਬੰਧੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਤਿਆਰੀਆਂ ਦਾ ਜਾਇਜਾ
ਚੰਡੀਗੜ੍ਹ, 29 ਅਕਤੂਬਰ:
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨਮਿੱਤ ਕੀਤੀ ਜਾ ਰਹੀਆਂ ਤਿਆਰੀਆਂ ਦਾ ਵਿਸਥਾਰ ਪੂਰਵਕ ਜਾਇਜ਼ਾ ਲਿਆ ।
ਮੀਟਿੰਗ ਦੌਰਾਨ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੰਗਤਾਂ ਲਈ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੱਖ-ਵੱਖ ਥਾਵਾਂ 'ਤੇ ਤਿੰਨ ਟੈਂਟ ਸਿਟੀ ਤਿਆਰ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ 10 ਤੋਂ 12 ਹਜਾਰ ਸੰਗਤਾਂ ਦੇ ਠਹਿਰਨ ਦਾ ਇੰਤਜ਼ਾਮ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਿਥੀਆਂ ਗਈਆਂ ਥਾਵਾਂ 'ਤੇ ਟੈਂਟ ਸਿਟੀ ਬਣਾਉਣ ਦਾ ਕਾਰਜ ਆਰੰਭ ਹੋ ਚੁੱਕਾ ਹੈ ਜੋ ਕਿ ਨਿਸ਼ਚਿਤ ਸਮੇਂ ਵਿੱਚ ਮੁਕੰਮਲ ਹੋ ਜਾਵੇਗਾ।
ਸ. ਹਰਭਜਨ ਸਿੰਘ ਈ.ਟੀ.ਓ. ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰਵਾਏ ਜਾ ਰਹੇ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸ਼ਨ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕਾਰਜ ਸਬੰਧੀ ਸਾਰਾ ਕੰਮ ਨਿਸ਼ਚਿਤ ਮਿਤੀ ਤੋਂ ਪਹਿਲਾਂ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਲੋੜ ਅਨੁਸਾਰ ਵਾਧੂ ਸਟਾਫ ਦੀ ਤੈਨਾਤੀ ਵੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਨ੍ਹਾਂ ਕਾਰਜਾਂ ਸਬੰਧੀ ਵਿਸਥਾਰ-ਪੂਰਵਕ ਸਮੀਖਿਆ ਮੀਟਿੰਗਾਂ ਲਈ ਸਮਾਂ-ਸਾਰਣੀ ਤੈਅ ਕੀਤੀ ਜਾਵੇ ਅਤੇ ਜੇਕਰ ਕੋਈ ਔਕੜ ਪੇਸ਼ ਆਉਂਦੀ ਹੈ ਤਾਂ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਤੁਰੰਤ ਲਿਆਂਦਾ ਜਾਵੇ।
ਸ. ਈ.ਟੀ.ਓ. ਨੇ ਇਸ ਮੌਕੇ 350 ਸਾਲਾ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਵੱਖ-ਵੱਖ ਸਥਾਨਾਂ ਤੋਂ ਆ ਰਹੇ ਨਗਰ ਕੀਰਤਨਾਂ ਦੇ ਰੂਟਾਂ ਵਾਲੇ ਮਾਰਗਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਜਾਵੇ ਅਤੇ ਇਨ੍ਹਾਂ ਮਾਰਗਾਂ ਉੱਪਰ ਚੱਲ ਰਹੇ ਮੁਰੰਮਤ ਦੇ ਕਾਰਜਾਂ ਨੂੰ ਵੀ ਤੁਰੰਤ ਮੁਕੰਮਲ ਕੀਤਾ ਜਾਵੇ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ।
ਇਸ ਮੌਕੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਸ੍ਰੀ ਵਿਕਾਸ ਪ੍ਰਤਾਪ, ਵਿਸ਼ੇਸ਼ ਸਕੱਤਰ ਸ਼੍ਰੀਮਤੀ ਹਰਗੁਣਜੀਤ ਕੌਰ, ਇੰਜੀਨੀਅਰ ਇਨ ਚੀਫ ਸ੍ਰੀ ਗਗਨਦੀਪ ਸਿੰਘ, ਮੁੱਖ ਇੰਜੀਨੀਅਰਜ਼ ਸ੍ਰੀ ਵਿਜੈ ਚੋਪੜਾ, ਸ਼੍ਰੀ ਅਨਿਲ ਗੁਪਤਾ, ਸ੍ਰੀ ਰਮਤੇਸ਼ ਬੈਂਸ, ਸ੍ਰੀ ਅਰਸ਼ਦੀਪ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।





