ਪਾਕਿਸਤਾਨ ਗਈ ਸਰਬਜੀਤ ਕੌਰ ਮਾਮਲੇ ’ਚ ਨਵਾਂ ਮੋੜ
ਲਾਹੌਰ / ਚੰਡੀਗੜ੍ਹ:
ਭਾਰਤ ਤੋਂ ਧਾਰਮਿਕ ਵੀਜ਼ੇ ’ਤੇ ਪਾਕਿਸਤਾਨ ਜਾ ਕੇ ਇਸਲਾਮ ਕਬੂਲਣ ਅਤੇ ਨਾਸਿਰ ਹੁਸੈਨ ਨਾਲ ਨਿਕਾਹ ਕਰਨ ਵਾਲੀ ਪੰਜਾਬ ਦੇ ਕਪੂਰਥਲਾ ਦੀ ਸਰਬਜੀਤ ਕੌਰ (ਹੁਣ ਨੂਰ ਹੁਸੈਨ) ਦੇ ਮਾਮਲੇ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਹੁਣ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਨਾਸਿਰ ਨੇ ਲਾਹੌਰ ਹਾਈਕੋਰਟ ਦਾ ਬੂਹਾ ਖੜਕਾਇਆ ਹੈ। ਸਾਇਮਾ ਨੇ ਆਪਣੇ ਪਤੀ ਨਾਸਿਰ ਹੁਸੈਨ ਅਤੇ ਸਰਬਜੀਤ ਕੌਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸਾਇਮਾ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਉਸ ਦੀ ਮਨਜ਼ੂਰੀ ਅਤੇ ਜਾਣਕਾਰੀ ਤੋਂ ਬਿਨਾਂ ਸਰਬਜੀਤ ਨਾਲ ਦੂਜਾ ਨਿਕਾਹ ਕੀਤਾ ਅਤੇ ਉਸ ਨੂੰ ਚਾਰ ਨਾਬਾਲਗ ਬੱਚਿਆਂ ਸਮੇਤ ਘਰੋਂ ਬੇਦਖ਼ਲ ਕਰ ਦਿੱਤਾ। ਸਾਇਮਾ ਨੇ ਅਦਾਲਤ ਤੋਂ ਰਹਿਣ ਲਈ ਛੱਤ ਅਤੇ ਬੱਚਿਆਂ ਲਈ ਮਾਸਿਕ ਗੁਜ਼ਾਰੇ ਭੱਤੇ ਦੀ ਮੰਗ ਕੀਤੀ ਹੈ।
ਪਹਿਲੀ ਪਤਨੀ ਸਾਇਮਾ ਵੱਲੋਂ ਪਟੀਸ਼ਨ ਵਿੱਚ ਚੁੱਕੇ ਗਏ 4 ਮੁੱਖ ਨੁਕਤੇ:
-
ਘਰ ’ਤੇ ਨਾਜਾਇਜ਼ ਕਬਜ਼ਾ:
ਸਾਇਮਾ ਨੇ ਦੋਸ਼ ਲਾਇਆ ਕਿ ਯਾਤਰਾ ਵੀਜ਼ੇ ’ਤੇ ਆਈ ਸਰਬਜੀਤ ਕੌਰ ਨੇ ਉਸ ਦੇ ਘਰ ’ਤੇ ਕਬਜ਼ਾ ਕਰ ਲਿਆ ਹੈ। ਉਸ ਨੂੰ ਅਤੇ ਉਸ ਦੇ 4 ਛੋਟੇ ਬੱਚਿਆਂ ਨੂੰ ਕੱਪੜਿਆਂ ਸਮੇਤ ਘਰੋਂ ਬਾਹਰ ਸੁੱਟ ਦਿੱਤਾ ਗਿਆ, ਜਿਸ ਕਾਰਨ ਪਰਿਵਾਰ ਦੇ ਰਹਿਣ ਅਤੇ ਰੋਟੀ ਦਾ ਸਹਾਰਾ ਖੁੱਸ ਗਿਆ ਹੈ।
-
ਬਿਨਾਂ ਇਜਾਜ਼ਤ ਦੂਜਾ ਨਿਕਾਹ:
ਸਾਇਮਾ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਅਨੁਸਾਰ ਪਾਕਿਸਤਾਨੀ ਕਾਨੂੰਨ ਤਹਿਤ ਦੂਜਾ ਵਿਆਹ ਕਰਨ ਲਈ ਪਹਿਲੀ ਪਤਨੀ ਦੀ ਲਿਖਤੀ ਮਨਜ਼ੂਰੀ ਲਾਜ਼ਮੀ ਹੈ। ਨਾਸਿਰ ਨੇ ਨਿਯਮਾਂ ਦੀ ਉਲੰਘਣਾ ਕਰਕੇ ਦੂਜਾ ਵਿਆਹ ਕੀਤਾ। ਇਸ ’ਤੇ ਅਦਾਲਤ ਨੇ ਨਾਸਿਰ ਹੁਸੈਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
2.png)
-
10 ਮਹੀਨਿਆਂ ਤੋਂ ਪਤੀ ਸੰਪਰਕ ਤੋਂ ਬਾਹਰ:
ਸਾਇਮਾ ਨੇ ਅਦਾਲਤ ਨੂੰ ਦੱਸਿਆ ਕਿ ਪਿਛਲੇ ਕਰੀਬ 10 ਮਹੀਨਿਆਂ ਤੋਂ ਨਾਸਿਰ ਨੇ ਉਸ ਨਾਲ ਜਾਂ ਬੱਚਿਆਂ ਨਾਲ ਕੋਈ ਸੰਪਰਕ ਨਹੀਂ ਕੀਤਾ। ਨਾ ਤਾਂ ਬੱਚਿਆਂ ਦੇ ਪਾਲਣ-ਪੋਸ਼ਣ ਲਈ ਕੋਈ ਖਰਚ ਦਿੱਤਾ ਗਿਆ ਹੈ ਅਤੇ ਨਾ ਹੀ ਹੱਕ-ਮਹਿਰ ਅਦਾ ਕੀਤਾ ਗਿਆ ਹੈ।
-
ਬੱਚਿਆਂ ਦੇ ਭਵਿੱਖ ’ਤੇ ਬੁਰਾ ਅਸਰ ਅਤੇ ਅਸ਼ਲੀਲਤਾ ਦੇ ਦੋਸ਼:
ਪਟੀਸ਼ਨ ਵਿੱਚ ਸਾਇਮਾ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਦਾਦੀ ਬਣਨ ਦੀ ਉਮਰ ਵਿੱਚ ਸਰਬਜੀਤ ਮੋਬਾਈਲ ਵੀਡੀਓਜ਼ ਜ਼ਰੀਏ ਗੈਰ-ਮਰਦਾਂ ਅੱਗੇ ਅਸ਼ਲੀਲਤਾ ਫੈਲਾਉਂਦੀ ਹੈ ਅਤੇ ਘਰ ਵਿੱਚ ਵੀ ਦੋਵੇਂ ਇਤਰਾਜ਼ਯੋਗ ਹਾਲਤ ਵਿੱਚ ਰਹਿੰਦੇ ਹਨ। ਇਸ ਮਾਹੌਲ ਦਾ ਨਾਬਾਲਗ ਬੱਚਿਆਂ ਦੇ ਮਨ ਅਤੇ ਭਵਿੱਖ ’ਤੇ ਡੂੰਘਾ ਮਾੜਾ ਅਸਰ ਪੈ ਰਿਹਾ ਹੈ।
ਸਰਬਜੀਤ ਕੌਰ ਮਾਮਲੇ ਦਾ ਹੁਣ ਤੱਕ ਦਾ ਘਟਨਾਕ੍ਰਮ:
-
4 ਨਵੰਬਰ 2025: ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜੱਥੇ ਨਾਲ ਪਾਕਿਸਤਾਨ ਗਈ ਸੀ, ਪਰ ਉੱਥੇ ਹੀ ਰੁਕ ਗਈ।
-
ਨਵੰਬਰ 2025: ਸਰਬਜੀਤ ਨੇ ਧਰਮ ਬਦਲ ਕੇ ਆਪਣਾ ਨਾਮ 'ਨੂਰ ਹੁਸੈਨ' ਰੱਖਿਆ ਅਤੇ ਸ਼ੇਖੂਪੁਰਾ ਦੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ।
-
18 ਨਵੰਬਰ 2025: ਦੋਹਾਂ ਨੇ ਪੁਲਿਸ ਪਰੇਸ਼ਾਨੀ ਤੋਂ ਬਚਾਅ ਲਈ ਲਾਹੌਰ ਹਾਈਕੋਰਟ ਵਿੱਚ ਸੁਰੱਖਿਆ ਪਟੀਸ਼ਨ ਦਾਇਰ ਕੀਤੀ।
-
ਜਨਵਰੀ 2026: ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਦੋਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪਾਕਿਸਤਾਨ ਰੇਂਜਰਸ ਵੱਲੋਂ ਸਰਬਜੀਤ ਨੂੰ ਵਾਹਗਾ ਸਰਹੱਦ ਰਾਹੀਂ ਡਿਪੋਰਟ ਕਰਨ ਦੀ ਤਿਆਰੀ ਸੀ, ਪਰ ਹਾਈਕੋਰਟ ਵਿੱਚ ਮਾਮਲਾ ਵਿਚਾਰ ਅਧੀਨ ਹੋਣ ਕਾਰਨ ਵਾਪਸੀ ਰੁਕ ਗਈ।
-
ਫਰਵਰੀ-ਅਪ੍ਰੈਲ 2026: ਸਰਬਜੀਤ ਦੇ ਭਾਰਤੀ ਪਤੀ ਕਰਨੈਲ ਸਿੰਘ ਨੇ ਵੀ ਲਾਹੌਰ ਹਾਈਕੋਰਟ ਵਿੱਚ ਪਾਕਿਸਤਾਨੀ ਨਿਕਾਹ ਨੂੰ ਚੁਣੌਤੀ ਦਿੰਦਿਆਂ ਪਟੀਸ਼ਨ ਦਾਇਰ ਕੀਤੀ, ਜਿਸ ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ।

