ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ
*ਚੰਡੀਗੜ੍ਹ/ਦੁਬਈ, 7 ਸਤੰਬਰ:* ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਵੱਡੇ ਯਤਨ ਤਹਿਤ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਦੁਬਈ ਵਿੱਚ ਸਾਲਾਨਾ ਨਿਵੇਸ਼ ਮੀਟਿੰਗ (ਏ.ਆਈ.ਐੱਮ.) ਮੌਕੇ ਯੂ.ਏ.ਈ. ਇੰਟਰਨੈਸ਼ਨਲ ਇਨਵੈਸਟਮੈਂਟ ਕੌਂਸਲ (ਯੂ.ਏ.ਈ.ਆਈ.ਆਈ.ਸੀ.) ਦੇ ਸਕੱਤਰ ਜਨਰਲ ਮਹਾਮਹਿਮ ਅਬਦੁੱਲਾ ਅਹਿਮਦ ਅਲ ਸੁਵੈਦੀ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਨਿਵੇਸ਼ ਲਿਆਉਣ ਦੇ ਅਥਾਹ ਤੇ ਵਿਆਪਕ ਮੌਕਿਆਂ ਬਾਰੇ ਚਰਚਾ ਕੀਤੀ।
ਇਸ ਉੱਚ-ਪੱਧਰੀ ਮੀਟਿੰਗ ਦੌਰਾਨ ਉਦਯੋਗ ਮੰਤਰੀ ਨੇ ਮਹਾਮਹਿਮ ਅਬਦੁੱਲਾ ਅਹਿਮਦ ਅਲ ਸੁਵੈਦੀ ਨੂੰ ਪੰਜਾਬ ਦੀਆਂ ਵਿਸ਼ਾਲ ਆਰਥਿਕ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ ਅਤੇ ਯੂ.ਏ.ਈ. ਦੇ ਨਿਵੇਸ਼ਕਾਂ ਨੂੰ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਭਾਈਵਾਲੀਆਂ ਰਾਹੀਂ ਉੱਚ-ਵਿਕਾਸ ਵਾਲੇ ਖੇਤਰਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।
ਸੂਬਾ ਸਰਕਾਰ ਦੇ ਸਨਅਤੀ ਵਿਕਾਸ ਸਬੰਧੀ ਅਹਿਦ ਨੂੰ ਦੁਹਰਾਉਂਦਿਆਂ ਸ੍ਰੀ ਅਮਨ ਅਰੋੜਾ ਨੇ ਯੂ.ਏ.ਈ.ਆਈ.ਆਈ.ਸੀ. ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਜਾਂ ਕਾਰੋਬਾਰ ਵਿਸਥਾਰ ਦੇ ਚਾਹਵਾਨ ਨਿਵੇਸ਼ਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਪ੍ਰਸ਼ਾਸਕੀ ਸਹਿਯੋਗ, ਮਾਰਗਦਰਸ਼ਨ ਅਤੇ ਮਾਲ-ਢੁਆਈ ਤੇ ਹੋਰ ਪ੍ਰਬੰਧਕੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ, ਯੂ.ਏ.ਈ. ਆਧਾਰਤ ਨਿਵੇਸ਼ਕਾਂ ਅਤੇ ਸੰਸਥਾਗਤ ਫੰਡਿੰਗ ਸੰਗਠਨਾਂ ਨਾਲ ਦੀਰਘਕਾਲੀ ਅਤੇ ਆਪਸੀ ਲਾਭਕਾਰੀ ਸਬੰਧ ਬਣਾਉਣ ਦਾ ਚਾਹਵਾਨ ਹੈ।
ਸੂਬੇ ਦੇ ਨਿਵੇਸ਼ਕ-ਪੱਖੀ ਸੁਧਾਰਾਂ ਬਾਰੇ ਜਾਣੂ ਕਰਵਾਉਂਦਿਆਂ ਕੈਬਨਿਟ ਮੰਤਰੀ ਨੇ 'ਇਨਵੈਸਟ ਪੰਜਾਬ' ਰਾਹੀਂ ਆਸਾਨੀ ਨਾਲ ਕਾਰੋਬਾਰ ਕਰਨ ਦੀ ਪ੍ਰਕਿਰਿਆ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ, ਜੋ ਸੁਚਾਰੂ ਅਤੇ ਮੁਸ਼ਕਲ ਰਹਿਤ ਨਿਵੇਸ਼ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਅਤੇ ਤੁਰੰਤ ਕਾਨੂੰਨੀ ਪ੍ਰਵਾਨਗੀਆਂ ਅਤੇ ਮਨਜ਼ੂਰੀਆਂ ਪ੍ਰਦਾਨ ਲਈ ਸੂਬੇ ਦਾ ਇੱਕ ਸਿੰਗਲ-ਵਿੰਡੋ ਪਲੇਟਫਾਰਮ ਹੈ।
ਸ੍ਰੀ ਅਮਨ ਅਰੋੜਾ ਨੇ ਕਿਹਾ, “ਪੰਜਾਬ ਵਧੇਰੇ ਅਨੁਕੂਲ ਉੱਦਮੀ ਮਾਹੌਲ, ਸ਼ਾਨਦਾਰ ਮਲਟੀਮਾਡਲ ਸੰਪਰਕ, ਹੁਨਰਮੰਦ ਤਕਨੀਕੀ ਕਾਮੇ ਅਤੇ ਇੱਕ ਪਾਰਦਰਸ਼ੀ ਪ੍ਰਸ਼ਾਸਨਿਕ ਢਾਂਚਾ ਪੇਸ਼ ਕਰਦਾ ਹੈ। ਅਸੀਂ ਯੂ.ਏ.ਈ. ਦੇ ਕਾਰੋਬਾਰੀ ਆਗੂਆਂ ਨੂੰ ਪੰਜਾਬ ਦੀ ਇਸ ਪ੍ਰਭਾਵੀ ਆਰਥਿਕ ਵਿਕਾਸ ਯਾਤਰਾ ਵਿੱਚ ਸਰਗਰਮ ਭਾਈਵਾਲ ਬਣਨ ਦਾ ਸੱਦਾ ਦਿੰਦੇ ਹਾਂ।”
ਯੂ.ਏ.ਈ. ਇੰਟਰਨੈਸ਼ਨਲ ਇਨਵੈਸਟਮੈਂਟ ਕੌਂਸਲ (ਯੂ.ਏ.ਈ.ਆਈ.ਆਈ.ਸੀ.), ਜੋ ਵਿਦੇਸ਼ੀ ਪ੍ਰਤੱਖ ਨਿਵੇਸ਼ (ਐੱਫ.ਡੀ.ਆਈ.) ਨੂੰ ਚੈਨਲਾਈਜ਼ ਕਰਨ ਲਈ ਯੂ.ਏ.ਈ. ਦੀਆਂ ਜਨਤਕ ਅਤੇ ਨਿੱਜੀ ਸੰਸਥਾਵਾਂ ਨੂੰ ਇਕਜੁੱਟ ਕਰਦੀ ਹੈ, ਨੇ ਪੰਜਾਬ ਦੇ ਵਫ਼ਦ ਦੀ ਇਸ ਸਰਗਰਮ ਪਹਿਲਕਦਮੀ ਦਾ ਸਵਾਗਤ ਕੀਤਾ। ਮੀਟਿੰਗ ਦੌਰਾਨ ਯੂ.ਏ.ਈ. ਅਤੇ ਪੰਜਾਬ ਦਰਮਿਆਨ ਸਿੱਧੇ ਪੂੰਜੀ ਪ੍ਰਵਾਹ ਅਤੇ ਸਾਂਝੇ ਉੱਦਮਾਂ ਨੂੰ ਸਮਰੱਥ ਬਣਾਉਣ ਲਈ ਮਜ਼ਬੂਤ ਸੰਸਥਾਗਤ ਸੰਪਰਕ ਸਥਾਪਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ।
ਦੁਵੱਲੀ ਗੱਲਬਾਤ 'ਤੇ ਤਸੱਲੀ ਪ੍ਰਗਟਾਉਂਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਮੁਲਾਕਾਤ ਅਹਿਮ ਮੀਲ ਪੱਥਰ ਸਾਬਤ ਹੋਵੇਗੀ, ਜੋ ਦੁਵੱਲੇ ਆਰਥਿਕ ਸਹਿਯੋਗ, ਮਜ਼ਬੂਤ ਵਪਾਰਕ ਸਬੰਧਾਂ ਅਤੇ ਪੰਜਾਬ ਵਿੱਚ ਵੱਡੀ ਪੱਧਰ 'ਤੇ ਨਿਵੇਸ਼ ਦਾ ਰਾਹ ਪੱਧਰਾ ਕਰੇਗੀ।

