ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਟਰੇਡ ਕਮਿਸ਼ਨ ਦਫ਼ਤਰ ਅਹਿਮ ਮੰਚ: ਹਰਜੋਤ ਸਿੰਘ ਬੈਂਸ

ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਟਰੇਡ ਕਮਿਸ਼ਨ ਦਫ਼ਤਰ ਅਹਿਮ ਮੰਚ: ਹਰਜੋਤ ਸਿੰਘ ਬੈਂਸ

ਰੂਪਨਗਰ, 7 ਸਤੰਬਰ: ਪੰਜਾਬ ਦੇ ਉਚੇਰੀ ਸਿੱਖਿਆ, ਸਿੱਖਿਆ, ਲੋਕ ਸੰਪਰਕ ਅਤੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਰੂਪਨਗਰ ਵਿਖੇ ਸਥਾਪਿਤ ਪੰਜਾਬ ਰਾਜ ਟਰੇਡ ਕਮਿਸ਼ਨ ਦੇ ਜ਼ਿਲ੍ਹਾ ਦਫ਼ਤਰ ਦਾ ਦੌਰਾ ਕੀਤਾ ਅਤੇ ਵਪਾਰੀ ਵਰਗ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਣੇ।
 
ਇਸ ਮੌਕੇ ਉਨ੍ਹਾਂ ਕਿਹਾ ਕਿ ਟਰੇਡ ਕਮਿਸ਼ਨ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਇੱਕ ਥਾਂ ’ਤੇ ਸੁਣਨਾ, ਉਨ੍ਹਾਂ ਨੂੰ ਸਬੰਧਤ ਵਿਭਾਗਾਂ ਤੱਕ ਪਹੁੰਚਾਉਣਾ ਅਤੇ ਯੋਗ ਮਾਮਲਿਆਂ ਦੇ ਹੱਲ ਲਈ ਪ੍ਰਭਾਵਸ਼ਾਲੀ ਤਾਲਮੇਲ ਕਰਨਾ ਹੈ। ਜ਼ਿਲ੍ਹਾ ਪੱਧਰ ’ਤੇ ਦਫ਼ਤਰ ਦੀ ਸਥਾਪਨਾ ਨਾਲ ਵਪਾਰੀਆਂ ਨੂੰ ਆਪਣੀਆਂ ਜਾਇਜ਼ ਮੰਗਾਂ, ਸਮੱਸਿਆਵਾਂ ਅਤੇ ਸੁਝਾਅ ਦਰਜ ਕਰਵਾਉਣ ਲਈ ਸੁਚੱਜਾ ਅਤੇ ਸਿੱਧਾ ਮੰਚ ਮਿਲਿਆ ਹੈ।
 
ਸ. ਬੈਂਸ ਨੇ ਜ਼ਿਲ੍ਹਾ ਟੀਮ ਨੂੰ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨਾਲ ਲਗਾਤਾਰ ਤਾਲਮੇਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮਜ਼ਬੂਤ ਵਪਾਰੀ ਵਰਗ ਸੂਬੇ ਦੀ ਆਰਥਿਕ ਤਰੱਕੀ ਦਾ ਅਹਿਮ ਆਧਾਰ ਹੈ ਅਤੇ ਪੰਜਾਬ ਸਰਕਾਰ ਵਪਾਰੀਆਂ ਲਈ ਸੁਖਾਵਾਂ ਮਾਹੌਲ ਯਕੀਨੀ ਬਣਾਉਣ ਲਈ ਵਚਨਬੱਧ ਹੈ।
 
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਟਰੇਡ ਕਮਿਸ਼ਨ ਦਾ ਜ਼ਿਲ੍ਹਾ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਰੂਪਨਗਰ ਦੇ ਕਮਰਾ ਨੰਬਰ 131 ਵਿਖੇ ਸਥਾਪਿਤ ਕੀਤਾ ਗਿਆ ਹੈ। ਜ਼ਿਲ੍ਹੇ ਦੇ ਵਪਾਰੀ ਆਪਣੀਆਂ ਸਮੱਸਿਆਵਾਂ, ਮੰਗਾਂ ਅਤੇ ਸੁਝਾਵਾਂ ਸਬੰਧੀ ਇਸ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਦਫ਼ਤਰ ਰਾਹੀਂ ਮਾਮਲਿਆਂ ਨੂੰ ਯੋਗ ਪੱਧਰ ’ਤੇ ਉਠਾਉਣ ਅਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਹੱਲ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ।
 
ਇਸ ਦੌਰੇ ਦੌਰਾਨ ਵਪਾਰੀ ਵਰਗ ਵੱਲੋਂ ਚੇਅਰਮੈਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਸ. ਗੁਰਪ੍ਰੀਤ ਸਿੰਘ ਅਰੋੜਾ ਤੇ ਹਲਕਾ ਰੂਪਨਗਰ ਦੇ ਚੇਅਰਮੈਨ ਸ. ਅਮਨਦੀਪ ਸਿੰਘ ਸੋਨੀ ਵੱਲੋਂ ਸ. ਹਰਜੋਤ ਸਿੰਘ ਬੈਂਸ ਦਾ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਵਪਾਰਕ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।