ਇਨ੍ਹੀ ਦਿਨੀਂ ਫਿਲਮ 'ਸਤਲੁਜ' ਨੂੰ ਲੈ ਕੇ ਚਰਚਾ ਜੋਰਾਂ- ਸ਼ੋਰਾਂ 'ਤੇ ਹੈ..ਇਸਦੇ ਪਿੱਛੇ ਕਈ ਕਾਰਨ ਨੇ.. ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਨੂੰ ਬੰਦ ਕਰਕੇ ਸਰਕਾਰ ਸੱਚ ਲਕਾਉਣ ਲਈ ਕੋਸ਼ਿਸ਼ ਕਰ ਰਹੀ ਹੈ.. ਹਾਲਾਕਿ ਪਹਿਲਾਂ ਇਹ ਫਿਲਮ ਸਿਨੇਮਾ ਘਰਾਂ ਚ ਲੱਗਣੀ ਸੀ ਪਰ ਇਸ ਤੇ ਬੈਨ ਲੱਗਾ ਦਿੱਤਾ.. 3 ਸਾਲਾ ਬਾਅਦ ਜਦੋਂ ਇਹ OTT 'ਤੇ ਚਲਾਈ ਤੇ ਉਸ ਤੋਂ ਵੀ ਹਟਾ ਦਿੱਤੀ ਗਈ.. ਪਰ ਜਿਨ੍ਹਾਂ ਦੇ ਜੀਵਨ 'ਤੇ ਇਹ ਫਿਲਮ ਬਣੀ ਹੈ
ਇਸ ਫ਼ਿਲਮ ਨੂੰ ਲੈ ਕੇ ਆਖਿਰ ਇੰਨਾ ਵਿਵਾਦ ਕਿਉਂ ਹੈ ਅਤੇ ਜਸਵੰਤ ਸਿੰਘ ਖਾਲੜਾ ਆਖਿਰ ਕੌਣ ਸਨ, ਜਿਨ੍ਹਾਂ ਦੇ ਜੀਵਨ 'ਤੇ ਇਹ ਫਿਲਮ ਅਧਾਰਿਤ ਹੈ? ਇਸ ਆਰਟੀਕਲ ਦੇ ਜ਼ਰੀਏ ਵਿਸਤਾਰ ਨਾਲ ਸਮਝਦੇ ਹਾਂ।
ਸਤਲੁਜ ਮੂਵੀ ਨੂੰ ਲੈ ਕੇ ਵਿਵਾਦ ਕਿਉਂ?
ਫ਼ਿਲਮ 'ਸਤਲੁਜ' ਪੰਜਾਬ ਦੇ ਇੱਕ ਮਸ਼ਹੂਰ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਹੈ। ਅੱਸੀ ਦੇ ਦਹਾਕੇ 'ਚ ਜਦੋਂ ਪੰਜਾਬ ਅੱਤਵਾਦ/ਖਾੜਕੂਵਾਦ ਦੇ ਦੌਰ 'ਚੋਂ ਲੰਘ ਰਿਹਾ ਸੀ, ਉਸ ਦੌਰਾਨ ਪੰਜਾਬ ਦੇ ਹਜ਼ਾਰਾਂ ਅਣਪਛਾਤੇ ਲੋਕ ਲਾਪਤਾ ਹੋ ਗਏ ਸਨ। ਜਸਵੰਤ ਸਿੰਘ ਨੇ ਉਨ੍ਹਾਂ ਲੋਕਾਂ ਦਾ ਮੁੱਦਾ ਰਾਸ਼ਟਰੀ ਪੱਧਰ 'ਤੇ ਰੱਖਿਆ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਨੌਜਵਾਨਾਂ ਨੂੰ ਫਰਜ਼ੀ ਐਨਕਾਊਂਟਰਾਂ 'ਚ ਮਾਰ ਦਿੱਤਾ ਗਿਆ।
ਇਸ ਮੁੱਦੇ ਨੂੰ ਚੁੱਕਣ ਤੋਂ ਬਾਅਦ ਸਾਲ 1995 'ਚ ਜਸਵੰਤ ਸਿੰਘ ਅਚਾਨਕ ਗਾਇਬ ਹੋ ਗਏ ਸਨ। ਘਟਨਾ ਦੇ ਦਸ ਸਾਲ ਬਾਅਦ ਜਸਵੰਤ ਸਿੰਘ ਦੇ ਅਗਵਾ ਅਤੇ ਕਤਲ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ। ਇਹ ਫ਼ਿਲਮ ਉਸੇ ਘਟਨਾਕ੍ਰਮ ਨੂੰ ਬਿਆਨ ਕਰਦੀ ਹੈ। ਫ਼ਿਲਮ ਦਾ ਨਾਂ 'ਸਤਲੁਜ' ਤੋਂ ਪਹਿਲਾਂ 'ਘੱਲੂਘਾਰਾ' ਅਤੇ 'ਪੰਜਾਬ 95' ਰੱਖਿਆ ਗਿਆ ਸੀ। ਸੈਂਸਰ ਬੋਰਡ ਦੇ ਇਤਰਾਜ਼ ਤੋਂ ਬਾਅਦ ਇਹ ਨਾਂ ਬਦਲਿਆ ਗਿਆ।
ਘੱਲੂਘਾਰਾ ਦਾ ਮਤਲਬ
'ਘੱਲੂਘਾਰਾ' ਇੱਕ ਪੰਜਾਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਵੱਡੇ ਪੱਧਰ 'ਤੇ ਹੋਇਆ ਨਸਲਕੁਸ਼ੀ ਜਾਂ ਕਤਲੇਆਮ ਹੁੰਦਾ ਹੈ। ਫ਼ਿਲਮ ਸੈਂਸਰ ਬੋਰਡ ਨੇ ਮੇਕਰਸ ਵੱਲੋਂ ਰੱਖੇ ਗਏ ਇਸ ਨਾਂ 'ਤੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਫ਼ਿਲਮ ਦਾ ਨਾਂ ਬਦਲ ਕੇ 'ਪੰਜਾਬ 95' ਰੱਖਿਆ ਗਿਆ। ਹਾਲਾਂਕਿ, ਬਾਅਦ 'ਚ ਇਸ ਦਾ ਨਾਂ ਇੱਕ ਵਾਰ ਫਿਰ ਬਦਲ ਕੇ 'ਸਤਲੁਜ' ਕਰ ਦਿੱਤਾ ਗਿਆ।

ਕੌਣ ਸਨ ਜਸਵੰਤ ਸਿੰਘ ਖਾਲੜਾ?
ਜਸਵੰਤ ਸਿੰਘ ਖਾਲੜਾ ਦਾ ਜਨਮ ਸਾਲ 1952 'ਚ ਹੋਇਆ ਸੀ। ਉਹ ਇੱਕ ਸਮਾਜ ਸੇਵੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਸਨ। ਜਸਵੰਤ ਸਿੰਘ ਅੰਮ੍ਰਿਤਸਰ 'ਚ ਬਤੌਰ ਬੈਂਕ ਡਾਇਰੈਕਟਰ ਦੇ ਅਹੁਦੇ 'ਤੇ ਕੰਮ ਕਰਦੇ ਸਨ। ਉਹ ਹਮੇਸ਼ਾ ਕਮਜ਼ੋਰਾਂ ਦੀ ਆਵਾਜ਼ ਚੁੱਕਦੇ ਸਨ ਅਤੇ ਉਨ੍ਹਾਂ ਦੇ ਹੱਕਾਂ ਦੀ ਲੜਾਈ ਲੜਦੇ ਸਨ। ਪੰਜਾਬ ਲਈ ਅੱਸੀ ਦਾ ਦਹਾਕਾ ਬਹੁਤ ਮੁਸ਼ਕਲਾਂ ਭਰਿਆ ਰਿਹਾ। ਉਸ ਦੌਰਾਨ ਖਾੜਕੂਵਾਦ ਸਿਖਰਾਂ 'ਤੇ ਸੀ।
ਜਸਵੰਤ ਸਿੰਘ ਨੇ ਉਸ ਸਮੇਂ ਪੰਜਾਬ ਪੁਲਿਸ 'ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਗੈਰ-ਕਾਨੂੰਨੀ ਹਿਰਾਸਤ 'ਚ ਲਿਆ ਗਿਆ ਅਤੇ ਫਰਜ਼ੀ ਮੁਕਾਬਲਿਆਂ 'ਚ ਮਾਰ ਦਿੱਤਾ ਗਿਆ। ਇੰਨਾ ਹੀ ਨਹੀਂ, ਬਿਨਾਂ ਕਿਸੇ ਜਾਣਕਾਰੀ ਦੇ ਉਨ੍ਹਾਂ ਦੀਆਂ ਲਾਸ਼ਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਅਪ੍ਰੇਸ਼ਨ ਬਲੂ ਸਟਾਰ ਦੇ ਸਮੇਂ ਹਿਰਾਸਤ 'ਚ ਲੈਣ ਦਾ ਅਧਿਕਾਰ
ਅਪ੍ਰੇਸ਼ਨ ਬਲੂ ਸਟਾਰ, ਇੰਦਰਾ ਗਾਂਧੀ ਦੇ ਕਤਲ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਯਾਨੀ ਕਿਸੇ ਨੂੰ ਵੀ ਸ਼ੱਕ ਦੇ ਅਧਾਰ 'ਤੇ ਹਿਰਾਸਤ 'ਚ ਲੈਣ ਦਾ ਅਧਿਕਾਰ ਦਿੱਤਾ ਗਿਆ ਸੀ। ਇਹੀ ਕਾਰਨ ਸੀ ਕਿ ਪੰਜਾਬ ਪੁਲਿਸ ਵੱਡੀ ਗਿਣਤੀ 'ਚ ਇਸ ਛੋਟ ਦਾ ਫਾਇਦਾ ਉਠਾ ਰਹੀ ਸੀ। ‘India Who Killed The Sikhs’ ਡਾਕੂਮੈਂਟਰੀ ਅਨੁਸਾਰ, ਪੁਲਿਸ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਂਦੀ ਸੀ, ਫਿਰ ਝੂਠਾ ਕੇਸ ਬਣਾਉਂਦੀ ਸੀ। ਇਸ ਤੋਂ ਬਾਅਦ ਰਿਹਾਈ ਲਈ ਲੱਖਾਂ ਰੁਪਏ ਮੰਗਦੀ ਸੀ, ਨਾ ਦੇਣ 'ਤੇ ਉਨ੍ਹਾਂ ਨੂੰ ਫਰਜ਼ੀ ਐਨਕਾਊਂਟਰ 'ਚ ਮਾਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਸੈਂਕੜੇ ਨੌਜਵਾਨ ਲਾਪਤਾ ਹੋਏ ਅਤੇ ਮਾਰੇ ਗਏ। ਉਸ ਦੌਰ 'ਚ ਰੋਜ਼ਾਨਾ ਅੱਠ ਤੋਂ ਦਸ ਲੋਕਾਂ ਦੀਆਂ ਲਾਸ਼ਾਂ ਉੱਠਦੀਆਂ ਸਨ। ਪੰਜਾਬ 'ਚ ਹੋ ਰਹੇ ਇਸ ਕਤਲੇਆਮ ਦੀ ਆਵਾਜ਼ ਜਸਵੰਤ ਸਿੰਘ ਖਾਲੜਾ ਨੇ ਚੁੱਕੀ...
ਖਾਲੜਾ ਨੇ ਜਦੋਂ ਪੁਲਿਸ 'ਤੇ ਦੋਸ਼ ਲਗਾਏ ਤਾਂ ਪੁਲਿਸ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੇ ਕਤਲ ਦੀ ਗੱਲ ਖਾਲੜਾ ਕਰ ਰਹੇ ਹਨ, ਉਹ ਵਿਦੇਸ਼ਾਂ 'ਚ ਫਰਜ਼ੀ ਦਸਤਾਵੇਜ਼ਾਂ 'ਤੇ ਨੌਕਰੀਆਂ ਕਰ ਰਹੇ ਹਨ। ਹਾਲਾਂਕਿ, ਖਾਲੜਾ ਨੇ ਫਿਰ ਵੀ ਹਾਰ ਨਹੀਂ ਮੰਨੀ, ਉਹ ਸਿਵਲ ਕੋਰਟ ਅਤੇ ਹਾਈ ਕੋਰਟ ਦੇ ਚੱਕਰ ਕੱਟਦੇ ਰਹੇ।
ਕਿਵੇਂ ਹੋਇਆ ਸੀ ਜਸਵੰਤ ਸਿੰਘ ਖਾਲੜਾ ਦਾ ਕਤਲ
ਜਸਵੰਤ ਸਿੰਘ ਖਾਲੜਾ 6 ਸਤੰਬਰ 1995 ਨੂੰ ਆਪਣੇ ਘਰ ਦੇ ਬਾਹਰ ਗੱਡੀ ਧੋ ਰਹੇ ਸਨ। ਇਸੇ ਦੌਰਾਨ ਕੁਝ ਲੋਕ ਆਏ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਬਾਅਦ 'ਚ ਪਤਾ ਲੱਗਿਆ ਕਿ ਉਹ ਲੋਕ ਪੁਲਿਸ ਅਧਿਕਾਰੀ ਸਨ।
ਕਰੀਬ ਡੇਢ ਮਹੀਨੇ ਬਾਅਦ 27 ਅਕਤੂਬਰ ਨੂੰ ਜਸਵੰਤ ਸਿੰਘ ਖਾਲੜਾ ਦੀ ਲਾਸ਼ ਸਤਲੁਜ ਨਦੀ 'ਚੋਂ ਮਿਲੀ। ਉਨ੍ਹਾਂ ਦੇ ਕਤਲ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸੀਬੀਆਈ (CBI) ਜਾਂਚ ਦੀ ਮੰਗ ਕੀਤੀ ਸੀ।
ਜਾਂਚ 'ਚ ਕੀ ਪਤਾ ਲੱਗਿਆ?
ਸੀਬੀਆਈ ਜਾਂਚ 'ਚ ਕਈ ਰਾਜ਼ ਖੁੱਲ੍ਹ ਕੇ ਸਾਹਮਣੇ ਆਏ। ਅਦਾਲਤ ਨੇ ਪੰਜਾਬ ਪੁਲਿਸ ਦੇ 6 ਅਧਿਕਾਰੀਆਂ ਨੂੰ ਦੋਸ਼ੀ ਪਾਇਆ ਅਤੇ ਸੱਤ ਸਾਲ ਦੀ ਸਜ਼ਾ ਸੁਣਾਈ। ਹਾਈ ਕੋਰਟ ਨੇ ਛੇ 'ਚੋਂ ਚਾਰ ਮੁਲਜ਼ਮਾਂ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ। ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਹੁਣ ਪੀੜਤਾਂ ਦੀ ਲੜਾਈ ਲੜ ਰਹੀ ਹੈ।