ਭਾਜਪਾ ਦੀ ਕਾਰਜਸ਼ੈਲੀ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਚੁੱਕੇ ਸਵਾਲ, ਪੀਐੱਮ ਮੋਦੀ ਨੂੰ ਪੁੱਛਿਆ- 'ਪੰਜਾਬ 'ਚ ਮੇਰੀ ਲੋੜ ਹੈ ਜਾਂ ਨਹੀਂ?'

ਭਾਜਪਾ ਦੀ ਕਾਰਜਸ਼ੈਲੀ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਚੁੱਕੇ ਸਵਾਲ, ਪੀਐੱਮ ਮੋਦੀ ਨੂੰ ਪੁੱਛਿਆ- 'ਪੰਜਾਬ 'ਚ ਮੇਰੀ ਲੋੜ ਹੈ ਜਾਂ ਨਹੀਂ?'

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵਿੱਚ ਕਥਿਤ ਤੌਰ 'ਤੇ ਨਜ਼ਰਅੰਦਾਜ਼ ਕੀਤੇ ਜਾਣ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਅਨੁਸਾਰ, ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕਾਰਜਸ਼ੈਲੀ 'ਤੇ ਸਵਾਲ ਉਠਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਵੀ ਆਪਣਾ ਪੱਖ ਰੱਖਿਆ ਹੈ।

'ਪੰਜਾਬ ਦੀ ਸਿਆਸਤ 'ਚ 60 ਸਾਲ ਦਾ ਤਜਰਬਾ, ਫਿਰ ਵੀ ਕੋਈ ਚਰਚਾ ਨਹੀਂ' ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਸਿੱਧਾ ਸਵਾਲ ਕੀਤਾ ਕਿ ਕੀ ਪੰਜਾਬ ਵਿੱਚ ਉਨ੍ਹਾਂ ਦੀ ਕੋਈ ਲੋੜ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਏ ਉਨ੍ਹਾਂ ਨੂੰ 5 ਸਾਲ ਹੋ ਗਏ ਹਨ, ਪਰ ਅੱਜ ਤੱਕ ਨਾ ਦਿੱਲੀ ਅਤੇ ਨਾ ਹੀ ਪੰਜਾਬ ਵਿੱਚ ਕਿਸੇ ਨੇ ਉਨ੍ਹਾਂ ਨਾਲ ਕੋਈ ਸਿਆਸੀ ਵਿਚਾਰ-ਵਟਾਂਦਰਾ ਕੀਤਾ ਹੈ। ਆਪਣੇ 60 ਸਾਲਾਂ ਦੇ ਸਿਆਸੀ ਤਜਰਬੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਤੇਲੰਗਾਨਾ ਵਰਗੇ ਸੂਬਿਆਂ ਤੋਂ ਆਗੂਆਂ ਨੂੰ ਪੰਜਾਬ ਵਿੱਚ ਕੰਮ ਕਰਨ ਲਈ ਭੇਜਿਆ ਜਾਂਦਾ ਹੈ, ਪਰ ਜੋ ਪੰਜਾਬ ਨੂੰ ਜਾਣਦੇ ਹਨ, ਉਨ੍ਹਾਂ ਲਈ ਸਮਾਂ ਨਹੀਂ ਹੈ।

ਸਿਹਤ ਅਤੇ ਪਾਰਟੀ ਦੀ ਕਾਰਜਸ਼ੈਲੀ 'ਤੇ ਟਿੱਪਣੀ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਕੈਪਟਨ ਨੇ ਕਿਹਾ ਕਿ ਪਹਿਲਾਂ ਕਮਰ ਦੀ ਸਰਜਰੀ ਅਤੇ ਫਿਰ ਗੋਡਾ ਬਦਲਵਾਉਣ ਕਾਰਨ ਕੁਝ ਸਮਾਂ ਲੱਗਿਆ, ਪਰ ਹੁਣ ਪੂਰੀ ਤਰ੍ਹਾਂ ਫਿੱਟ ਹੋਣ ਦੇ ਬਾਵਜੂਦ ਸਥਿਤੀ ਪਹਿਲਾਂ ਵਰਗੀ ਹੀ ਹੈ। ਉਨ੍ਹਾਂ ਦੱਸਿਆ ਕਿ ਪੀਐੱਮ ਮੋਦੀ ਵੱਲੋਂ 'ਅਸੀਂ ਦੇਖ ਰਹੇ ਹਾਂ' ਕਹਿਣ 'ਤੇ ਉਨ੍ਹਾਂ ਜਵਾਬ ਦਿੱਤਾ ਕਿ ਪੰਜ ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ। ਇਸ ਤੋਂ ਬਾਅਦ ਭਾਜਪਾ ਇੰਚਾਰਜ ਸਤੀਸ਼ ਪੂਨੀਆ ਨੇ ਫ਼ੋਨ ਕਰਕੇ ਚੰਡੀਗੜ੍ਹ ਵਿਖੇ ਮਿਲਣ ਦੀ ਗੱਲ ਕਹੀ।

ਕੈਪਟਨ ਨੇ ਭਾਜਪਾ ਨੂੰ ਇੱਕ ਸੀਮਤ (ਐਕਸਕਲੂਸਿਵ) ਪਾਰਟੀ ਦੱਸਦਿਆਂ ਕਿਹਾ ਕਿ ਇੱਥੇ ਸਿਰਫ਼ ਪੁਰਾਣੇ ਆਗੂਆਂ 'ਤੇ ਹੀ ਭਰੋਸਾ ਕੀਤਾ ਜਾਂਦਾ ਹੈ ਅਤੇ ਸਿਖਰਲੀ ਲੀਡਰਸ਼ਿਪ ਨਾਲ ਮੁਲਾਕਾਤ ਸਾਲ ਵਿੱਚ ਸ਼ਾਇਦ ਇੱਕ ਵਾਰ ਹੀ ਹੋ ਪਾਉਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੋਰਨਾਂ ਸੂਬਿਆਂ ਵਿੱਚ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਆਗੂਆਂ ਦੀ ਇਹੀ ਸਥਿਤੀ ਹੈ, ਜਿੱਥੇ ਸਲਾਹ ਲੈਣ ਦੀ ਬਜਾਏ ਸਿਰਫ਼ ਹੁਕਮ ਦਿੱਤੇ ਜਾਂਦੇ ਹਨ।

image (11)

ਕਾਂਗਰਸ ਦੀ ਕਾਰਜਸ਼ੈਲੀ ਅਤੇ ਮੌਜੂਦਾ ਗੁੱਟਬਾਜ਼ੀ 'ਤੇ ਬਿਆਨ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਕੈਪਟਨ ਨੇ ਕਿਹਾ ਕਿ ਕਾਂਗਰਸ ਵਿੱਚ ਰਾਤ 9 ਵਜੇ ਵੀ ਪ੍ਰਧਾਨ ਵੱਲੋਂ ਅਹਿਮਦ ਪਟੇਲ ਦੀ ਮੌਜੂਦਗੀ ਵਿੱਚ ਸਿੱਧੀ ਚਰਚਾ ਕੀਤੀ ਜਾਂਦੀ ਸੀ। ਮੌਜੂਦਾ ਪੰਜਾਬ ਕਾਂਗਰਸ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਬਾਜਵਾ, ਚੰਨੀ ਅਤੇ ਪਰਗਟ ਵਰਗੇ ਵੱਖ-ਵੱਖ ਗੁੱਟ ਬਣੇ ਹੋਏ ਹਨ। ਉਨ੍ਹਾਂ ਇੰਦਰਾ ਗਾਂਧੀ ਦੇ ਦੌਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਹਾਈਕਮਾਨ ਚੋਣਾਂ ਤੋਂ ਪਹਿਲਾਂ ਸਖ਼ਤੀ ਦਿਖਾਵੇ ਤਾਂ ਕਾਂਗਰਸ ਇੱਕਜੁੱਟ ਹੋ ਸਕਦੀ ਹੈ, ਕਿਉਂਕਿ ਪਾਰਟੀ ਇਸ ਵੇਲੇ ਮੁਕਾਬਲੇ ਵਿੱਚ ਹੈ।