ਖੇਤੀਬਾੜੀ ਨੂੰ ਨਫ਼ੇਯੋਗ ਬਣਾਉਣ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ- ਗੁਰਮੀਤ ਸਿੰਘ ਖੁੱਡੀਆਂ
ਸ੍ਰੀ ਮੁਕਤਸਰ ਸਾਹਿਬ, 6 ਜਨਵਰੀ
ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਨੂੰ ਨਫ਼ੇਯੋਗ ਬਣਾਉਣ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਸਹਾਇਕ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਤਜਰਬੇ ਅਤੇ ਅਧੁਨਿਕ ਤਕਨੀਕ ਦੀ ਅਹਿਮ ਭੂਮਿਕਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਉਨ੍ਹਾਂ ਬੀਤੇ ਦਿਨੀਂ ਪਿੰਡ ਦਿਉਣ ਦੇ ਜੰਮ ਪਲ ਅਤੇ ਹਾਲ ਵਿੱਚ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਕੈਬਨਿਟ ਮੰਤਰੀ ਜਗਰੂਪ ਸਿੰਘ ਬਰਾੜ ਨਾਲ ਹੋਈ ਵਿਸਥਾਰਪੂਰਕ ਮੀਟਿੰਗ ਦੌਰਾਨ ਕੀਤਾ।
ਮੀਟਿੰਗ ਦੌਰਾਨ ਦੋਵਾਂ ਨੇ ਪੰਜਾਬ ਅਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚਕਾਰ ਖੇਤੀਬਾੜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਇਸ ਦੌਰਾਨ ਖੇਤੀਬਾੜੀ ਨੂੰ ਵਪਾਰਕ ਅਤੇ ਨਫ਼ੇਯੋਗ ਬਣਾਉਣ, ਕਿਸਾਨੀ ਆਮਦਨ ਵਧਾਉਣ ਲਈ ਨਵੇਂ ਮਾਡਲ ਅਪਣਾਉਣ ਅਤੇ ਵਿਭਿੰਨਤਾ ‘ਤੇ ਖ਼ਾਸ ਧਿਆਨ ਕੇਂਦਰਿਤ ਕੀਤਾ ਗਿਆ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਨੂੰ ਫਸਲੀ ਵਿਭਿੰਨਤਾ, ਉੱਚ ਮੁੱਲ ਵਾਲੀਆਂ ਫਸਲਾਂ, ਬੀਜ ਤਕਨੀਕ, ਪ੍ਰਿਸੀਜ਼ਨ ਫਾਰਮਿੰਗ ਅਤੇ ਮਕੈਨੀਕਲ ਖੇਤੀ ਵੱਲ ਅੱਗੇ ਵਧਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵਰਤੀ ਜਾ ਰਹੀ ਅਧੁਨਿਕ ਖੇਤੀ ਤਕਨੀਕ, ਕੋਲਡ ਚੇਨ ਪ੍ਰਬੰਧਨ ਅਤੇ ਮਾਰਕੀਟ-ਲਿੰਕੇਜ ਮਾਡਲ ਪੰਜਾਬ ਦੇ ਕਿਸਾਨਾਂ ਲਈ ਲਾਭਦਾਇਕ ਸਾਬਤ ਹੋ ਸਕਦੇ ਹਨ।
ਮੀਟਿੰਗ ਦੌਰਾਨ ਡੇਅਰੀ ਅਤੇ ਪਸ਼ੂ ਪਾਲਣ ਖੇਤਰ ‘ਚ ਵੀ ਵਿਸਥਾਰ ਨਾਲ ਚਰਚਾ ਹੋਈ। ਦੋਵਾਂ ਨੇ ਡੇਅਰੀ ਫਾਰਮਿੰਗ ਵਿੱਚ ਜੈਨੇਟਿਕ ਸੁਧਾਰ, ਚਾਰਾ ਪ੍ਰਬੰਧਨ, ਪਸ਼ੂ ਸਿਹਤ ਸੇਵਾਵਾਂ, ਦੁੱਧ ਪ੍ਰੋਸੈਸਿੰਗ ਅਤੇ ਵੈਲਯੂ ਐਡੀਸ਼ਨ ਨੂੰ ਉਤਸ਼ਾਹਿਤ ਕਰਨ ਦੀ ਲੋੜ ‘ਤੇ ਸਹਿਮਤੀ ਜਤਾਈ। ਇਸ ਤੋਂ ਇਲਾਵਾ ਮੱਛੀ ਪਾਲਣ ਨੂੰ ਕਿਸਾਨਾਂ ਲਈ ਆਮਦਨ ਦਾ ਵਾਧੂ ਸਰੋਤ ਬਣਾਉਣ ਲਈ ਅਧੁਨਿਕ ਮੱਛੀ ਪਾਲਣ ਤਕਨੀਕ, ਹੈਚਰੀ ਵਿਕਾਸ ਅਤੇ ਮਾਰਕੀਟਿੰਗ ਪ੍ਰਣਾਲੀ ‘ਤੇ ਵੀ ਵਿਚਾਰ ਕੀਤਾ ਗਿਆ।
ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਕੈਬਨਿਟ ਮੰਤਰੀ ਜਗਰੂਪ ਸਿੰਘ ਬਰਾੜ ਨੇ ਕਿਹਾ ਕਿ ਕੈਨੇਡਾ ਵਿੱਚ ਖੇਤੀਬਾੜੀ, ਡੇਅਰੀ ਅਤੇ ਪਸ਼ੂ ਪਾਲਣ ਖੇਤਰ ਵਿੱਚ ਵਰਤੀ ਜਾ ਰਹੀ ਨਵੀਂ ਤਕਨੀਕ, ਖੋਜ ਅਤੇ ਨਵੀਨਤਾ ਦਾ ਤਜਰਬਾ ਪੰਜਾਬ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਸਿਆਂ ਵਿਚਕਾਰ ਗਿਆਨ ਅਦਾਨ-ਪ੍ਰਦਾਨ, ਟ੍ਰੇਨਿੰਗ ਪ੍ਰੋਗਰਾਮਾਂ ਅਤੇ ਨਿਵੇਸ਼ ਦੇ ਮੌਕੇ ਖੋਲ੍ਹੇ ਜਾ ਸਕਦੇ ਹਨ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।
ਮੀਟਿੰਗ ਦੌਰਾਨ ਅੰਤਰਰਾਸ਼ਟਰੀ ਸਹਿਯੋਗ ਦੇ ਤਹਿਤ ਕਿਸਾਨਾਂ ਅਤੇ ਨੌਜਵਾਨਾਂ ਲਈ ਸਕਿੱਲ ਡਿਵੈਲਪਮੈਂਟ, ਸਟਾਰਟਅਪਸ ਅਤੇ ਐਗਰੋ-ਪ੍ਰੋਸੈਸਿੰਗ ਖੇਤਰ ‘ਚ ਸਾਂਝੇ ਉਪਰਾਲਿਆਂ ‘ਤੇ ਵੀ ਚਰਚਾ ਕੀਤੀ ਗਈ।
ਅੰਤ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਦੇ ਦੂਰਦਰਸ਼ੀ ਨੇਤ੍ਰਿਤਵ ਹੇਠ ਕਿਸਾਨ-ਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਅਜਿਹੇ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਪੰਜਾਬ ਦੀ ਖੇਤੀਬਾੜੀ ਨੂੰ ਆਧੁਨਿਕ, ਟਿਕਾਊ ਅਤੇ ਨਫ਼ੇਯੋਗ ਬਣਾਉਣ ਵੱਲ ਮਜ਼ਬੂਤ ਕਦਮ ਚੁੱਕੇ ਜਾ ਰਹੇ ਹਨ।



