ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਿੱਜੀ ਹਸਪਤਾਲਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਸ਼ਾਮਲ ਹੋਣ ਦਾ ਸੱਦਾ; ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ ਨੇ ਡੂੰਘੀ ਦਿਲਚਸਪੀ ਦਿਖਾਈ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਿੱਜੀ ਹਸਪਤਾਲਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਸ਼ਾਮਲ ਹੋਣ ਦਾ ਸੱਦਾ; ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ ਨੇ ਡੂੰਘੀ ਦਿਲਚਸਪੀ ਦਿਖਾਈ

ਚੰਡੀਗੜ੍ਹ, 6 ਜਨਵਰੀ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਲਦ ਲਾਗੂ ਕੀਤੀ ਜਾਣ ਵਾਲੀ 10 ਲੱਖ ਰੁਪਏ ਦੇ ਨਕਦੀ ਰਹਿਤ ਸਿਹਤ ਬੀਮਾ ਪਹਿਲਕਦਮੀ ਦੇ ਵਿਸਥਾਰ ਲਈ ਇੱਕ ਮਹੱਤਵਪੂਰਨ ਕਦਮ ਤਹਿਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪ੍ਰਮੁੱਖ ਨਿੱਜੀ ਹਸਪਤਾਲਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ (ਐਮ.ਐਮ.ਐਸ.ਵਾਈ.) ਅਧੀਨ ਸੂਚੀਬੱਧ ਹੋ ਕੇ ਪੰਜਾਬ ਦੇ ਲੋਕਾਂ ਨੂੰ ਵਿਆਪਕ ਸਿਹਤ ਕਵਰੇਜ ਪ੍ਰਦਾਨ ਕਰਨ ਸਬੰਧੀ ਪੰਜਾਬ ਸਰਕਾਰ ਦੇ ਇਸ ਨੇਕ ਉਪਰਾਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਸਿਹਤ ਮੰਤਰੀ, ਜਿਨ੍ਹਾਂ ਨਾਲ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਕੁਮਾਰ ਰਾਹੁਲ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਾਜ ਸਿਹਤ ਏਜੰਸੀ (ਐਸ.ਐਚ.ਏ.) ਸੰਯਮ ਅਗਰਵਾਲ ਵੀ ਮੌਜੂਦ ਸਨ, ਇੱਥੇ ਰਾਜ ਸਿਹਤ ਏਜੰਸੀ ਦੇ ਦਫ਼ਤਰ ਵਿਖੇ ਪ੍ਰਮੁੱਖ ਨਿੱਜੀ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਸੂਬੇ ਦੇ ਹਰ ਪਰਿਵਾਰ ਨੂੰ ਮਿਆਰੀ ਅਤੇ ਨਕਦੀ ਰਹਿਤ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਪ੍ਰਧਾਨ ਕਰਨ ਸਬੰਧੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਐਮ.ਐਮ.ਐਸ.ਵਾਈ. ਤਹਿਤ ਪ੍ਰਤੀ ਪਰਿਵਾਰ 10 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਪ੍ਰਦਾਨ ਕੀਤਾ ਜਾ ਰਿਹਾ ਹੈ, ਜਿਸਦਾ ਉਦੇਸ਼ ਆਮ ਆਦਮੀ ਦੇ ਮੋਢਿਆਂ ਤੋਂ ਡਾਕਟਰੀ ਇਲਾਜ ਦੇ ਵਿੱਤੀ ਬੋਝ ਨੂੰ ਦੂਰ ਕਰਨਾ ਹੈ।

ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇੱਕ ਮਜ਼ਬੂਤ ਸਿਹਤ ਸੰਭਾਲ ਈਕੋਸਿਸਟਮ ਸਥਾਪਤ ਕਰਨਾ ਹੈ ਤਾਂ ਜੋ ਪੰਜਾਬ ਦਾ ਕੋਈ ਵੀ ਨਿਵਾਸੀ ਫੰਡਾਂ ਦੀ ਘਾਟ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ।  ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਇਸ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ ਅਤੇ ਇਸਦੀ ਸਫ਼ਲਤਾ ਲਈ ਨਿੱਜੀ ਹਸਪਤਾਲਾਂ ਦੀ ਸਰਗਰਮ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਦਿੰਦਿਆਂ ਕਿ ਪ੍ਰਾਈਵੇਟ ਹਸਪਤਾਲ ਐਮਐਮਐਸਵਾਈ ਦੇ ਸਫ਼ਲ ਲਾਗੂਕਰਨ ਵਿੱਚ ਮਹੱਤਵਪੂਰਨ ਭਾਈਵਾਲ ਹਨ, ਸਿਹਤ ਮੰਤਰੀ ਨੇ ਕਿਹਾ ਕਿ ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ ਤੋਂ ਮਿਲ ਰਿਹਾ ਉਤਸ਼ਾਹਜਨਕ ਹੁੰਗਾਰਾ ਪੰਜਾਬ ਭਰ ਵਿੱਚ ਇਸ ਯੋਜਨਾ ਦੀ ਪਹੁੰਚ ਵਧੇਰੇ ਮਜ਼ਬੂਤੀ ਦੇਵੇਗਾ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਸ ਯੋਜਨਾ ਨੂੰ ਪਾਰਦਰਸ਼ਤਾ ਅਤੇ ਕਾਰਜ-ਕੁਸ਼ਲ ਦੇ ਨਜ਼ਰੀਏ ਤੋਂ ਪੂਰੀ ਸੋਚ-ਵਿਚਾਰ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸਦਾ ਲਾਭ ਜ਼ਮੀਨੀ ਪੱਧਰ 'ਤੇ ਪੰਜਾਬ ਦੇ ਹਰ ਨਿਵਾਸੀ ਤੱਕ ਪਹੁੰਚੇ ।

ਉਨ੍ਹਾਂ ਨੇ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਅਧੀਨ ਸੂਚੀਬੱਧ ਹੋਣ ਸਬੰਧੀ ਰਸਮੀ ਪ੍ਰਕਿਰਿਆਵਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਦੇ ਨਿਵਾਸੀਆਂ ਨੂੰ ਜਲਦ ਤੋਂ ਜਲਦ ਇਸ ਯੋਜਨਾ ਦਾ ਲਾਭ ਮਿਲਣਾ ਸ਼ੁਰੂ ਹੋ ਸਕੇ।

ਇਸ ਮੀਟਿੰਗ ਵਿੱਚ ਮੈਕਸ, ਫੋਰਟਿਸ, ਸ਼ਾਲਬੀ ਅਤੇ ਲਿਵਾਸਾ ਹਸਪਤਾਲ ਸਮੇਤ ਹੋਰ ਉੱਚ-ਪੱਧਰੀ ਨਿੱਜੀ ਸਿਹਤ ਸੰਭਾਲ ਪ੍ਰਦਾਤਾਵਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਹਸਪਤਾਲਾਂ ਦੇ ਪ੍ਰਤੀਨਿਧੀਆਂ ਨੇ ਇਸ ਯੋਜਨਾ ਵਿੱਚ ਸ਼ਾਮਲ ਹੋਣ ਲਈ ਡੂੰਘੀ ਦਿਲਚਸਪੀ ਦਿਖਾਈ ਅਤੇ ਇੱਕ ਸਹਿਯੋਗੀ ਤੇ ਲੋਕ-ਕੇਂਦਰਿਤ ਸਿਹਤ ਸੰਭਾਲ ਮਾਡਲ ਤਿਆਰ ਕਰਨ ਲਈ ਰਾਜ ਸਰਕਾਰ ਦੀ ਸਰਗਰਮ ਪਹੁੰਚ ਦੀ ਸ਼ਲਾਘਾ ਕੀਤੀ।

ਇਸ ਗੱਲਬਾਤ ਸੈਸ਼ਨ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਰਾਜ ਸਿਹਤ ਏਜੰਸੀ ਦੇ ਸੀਈਓ ਸੰਯਮ ਅਗਰਵਾਲ ਨੇ ਇਨ੍ਹਾਂ ਹਸਪਤਾਲਾਂ ਦੇ ਨੁਮਾਇੰਦਿਆਂ ਦੁਆਰਾ ਇਲਾਜ ਪੈਕੇਜਾਂ, ਸੂਚੀਬੱਧ ਹੋਣ ਦੀ ਪ੍ਰਕਿਰਿਆ ਅਤੇ ਕੈਸ਼ਲੈੱਸ ਇੰਟਰਫੇਸ ਦੇ ਤਕਨੀਕੀ ਪੱਖਾਂ ਬਾਰੇ ਉਠਾਏ ਗਏ ਵੱਖ-ਵੱਖ ਸਵਾਲਾਂ ਦਾ ਜਵਾਬ ਵੀ ਦਿੱਤਾ।