ਸਿਹਤ ਵਿਭਾਗ ਵੱਲੋਂ ਸ਼ੀਤ ਲਹਿਰ ਤੋਂ ਬਚਾਅ ਲਈ ਅਡਵਾਈਜਰੀ ਜਾਰੀ
By NIRPAKH POST
On
ਫਿਰੋਜ਼ਪੁਰ, 7 ਜਨਵਰੀ ( ) ਸ਼ੀਤ ਲਹਿਰ ਦੇ ਪ੍ਰਕੋਪ ਕਾਰਨ ਸਿਹਤ ਸੰਬਧੀ ਸਮੱਸਿਆਵਾਂ ਵੱਧ ਜਾਂਦੀਆਂ ਹਨ। ਇਸ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਅਡਵਾਈਜਰੀ ਜਾਰੀ ਕੀਤੀ ਗਈ ਹੈ। ਇਸ ਸੰਬਧੀ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਨੇ ਦਸਿਆ ਕਿ ਇਸ ਮੌਸਮ ਦੌਰਾਨ ਬਜ਼ੁਰਗਾਂ,ਬੱਚਿਆਂ, ਗਰਭਵਤੀ ਮਹਿਲਾਵਾਂ, ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਆਦਿ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਠੰਡ ਨਾਲ ਪ੍ਰਭਾਵਿਤ ਹੋਣ ਤੇ ਸ਼ਰੀਰ ਠੰਡਾ ਪੈ ਸਕਦਾ ਹੈ, ਬਹੁਤ ਜ਼ਿਆਦਾ ਕਾਂਬਾ,ਯਾਦਾਸ਼ਤ ਚਲੇ ਜਾਣਾ,ਬੇਹੋਸ਼ੀ,ਕਮਜ਼ੋਰੀ ਆਦਿ ਲੱਛਣ ਹੋ ਸਕਦੇ ਹਨ।
ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਇਹ ਵੀ ਦਸਿਆ ਕਿ ਇਸ ਮੌਸਮ ਦੌਰਾਨ ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਘਟ ਜਾਂਦੀ ਹੈ। ਇਸ ਲਈ ਸੰਤੁਲਤ ਖੁਰਾਕ ਲਈ ਜਾਏ ਅਤੇ ਵਿਟਾਮਿਨ ਸੀ ਭਰਪੂਰ ਖਾਧ ਪਦਾਰਥ ਲਏ ਜਾਣ। ਮੌਸਮੀ ਫਲਾਂ ਅਤੇ ਸਬਜ਼ੀਆਂ ਲਈਆਂ ਜਾਣ ਤੇ ਬਾਹਰ ਦੇ ਜੰਕ ਫੂਡ ਤੋਂ ਬਚਿਆ ਜਾਏ। ਇਹੀ ਨਹੀਂ ਭੋਜਨ ਹਮੇਸ਼ਾ ਤਾਜ਼ਾ ਬਣਿਆ ਹੀ ਲਿਆ ਜਾਏ। ਗਰਮ ਪਾਣੀ, ਸੂਪ ਆਦਿ ਦਾ ਸੇਵਨ ਕੀਤਾ ਜਾਏ। ਸ਼ਰਾਬ ਦੇ ਸੇਵਨ ਤੋਂ ਬਚਿਆ ਜਾਵੇ।
ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਵੇਰੇ ਅਤੇ ਸ਼ਾਮ ਬਾਹਰ ਨਾ ਨਿਕਲਿਆ ਜਾਏ ਖਾਸ ਕਰ ਬਜ਼ੁਰਗਾਂ, ਬੱਚਿਆਂ ਨੂੰ ਬਾਹਰ ਲਿਜਾਣ ਤੋਂ ਗ਼ੁਰੇਜ਼ ਕੀਤਾ ਜਾਏ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਦਸਿਆ ਕਿ ਫਲੂ, ਖਾਂਸੀ, ਜ਼ੁਕਾਮ, ਸਰਦੀ, ਬੁਖਾਰ ਹੋਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਏ। ਇਹੀ ਨਹੀਂ ਬਾਹਰ ਨਿਕਲਣ ਵੇਲੇ ਤੇ ਵਾਹਨ ਆਦਿ ਡਰਾਈਵ ਕਰਨ ਵੇਲੇ ਵਿੰਡਪਰੂਫ ਗਰਮ ਕੱਪੜੇ ਪਾਏ ਜਾਣ, ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਨੂੰ ਠੰਡ ਤੋਂ ਬਚਾਉਣ ਲਈ ਚੰਗੀ ਤਰ੍ਹਾਂ ਢੱਕ ਕੇ ਰੱਖੋ , ਦਸਤਾਨੇ ,ਟੋਪੀ ਮਫਲਰ ਆਦਿ ਤੋਂ ਬਿਨਾ ਬਾਹਰ ਨਾ ਨਿਕਲੋ।



