ਹੁਸ਼ਿਆਰਪੁਰ ਜਿਲ੍ਹੇ ਅੰਦਰ 1035 ਕਿਲੋਮੀਟਰ ਸੜਕਾਂ ਦੇ ਨਿਰਮਾਣ ’ਤੇ 400 ਕਰੋੜ ਖ਼ਰਚ ਕਰੇਗੀ ਪੰਜਾਬ ਸਰਕਾਰ - ਡਾ.ਰਾਜ ਕੁਮਾਰ ਚੱਬੇਵਾਲ
ਹੁਸ਼ਿਆਰਪੁਰ, 8 ਜਨਵਰੀ :
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਜ਼ਿਲ੍ਹਾ ਵਾਸੀਆਂ ਲਈ ਵੱਡੀ ਖੁਸ਼ਖਬਰੀ ਸੁਣਾਉਂਦੇ ਹੋਏ ਦੱਸਿਆ ਕਿ ਜਲਦ ਹੀ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅੰਦਰ 1035 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 400 ਕਰੋੜ ਰੁਪਏ ਖ਼ਰਚ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਡਾ. ਚੱਬੇਵਾਲ ਨੇ ਅੱਗੇ ਦੱਸਿਆ ਕਿ ਪੀ.ਡਬਲਿਊ.ਡੀ ਰਾਹੀਂ 344 ਕਰੋੜ ਨਾਲ 975 ਕਿਲੋਮੀਟਰ ਸੜਕਾਂ ਬਣਾਈਆਂ ਜਾਣਗੀਆਂ। ਇਸੇ ਤਰ੍ਹਾਂ ਪੰਜਾਬ ਮੰਡੀ ਬੋਰਡ ਵੱਲੋਂ 60.35 ਕਰੋੜ ਖ਼ਰਚ ਕਰਕੇ ਜ਼ਿਲ੍ਹੇ ਵਿੱਚ 74 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਡਾ. ਚੱਬੇਵਾਲ ਨੇ ਦੱਸਿਆ ਕਿ ਜ਼ਰੂਰਤ ਮੁਤਾਬਿਕ ਜਿੱਥੇ ਨਵੀਆਂ ਸੜਕਾਂ ਦਾ ਨਿਰਮਾਣ ਹੋਵੇਗਾ, ਉੱਥੇ ਹੀ ਕੰਕਰੀਟ ਦੀਆਂ ਸੜਕਾਂ ਵੀ ਬਣਾਈਆਂ ਜਾਣਗੀਆਂ ਅਤੇ ਨਾਲ ਹੀ ਕਈ ਸੜਕਾਂ ਨੂੰ 18 ਫੁੱਟ ਚੌੜਾ ਕਰਕੇ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ ਅਤੇ ਕਈ ਥਾਵਾਂ ’ਤੇ ਲੋਕਾਂ ਦੀ ਲੋੜ ਦੇ ਅਨੁਸਾਰ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਸੜਕਾਂ ਦੇ ਇਸ ਨੈੱਟਵਰਕ ਦਾ ਕਾਰਜ 31 ਮਾਰਚ 2026 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ। ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਵਿਕਾਸ ਦੇ ਇਸ ਵੱਡੇ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦੀ ਊਣਤਾਈ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਲਈ ਜਿਹੜੀ ਵੀ ਕੰਪਨੀ ਜਿਸ ਵੀ ਸੜਕ ਦਾ ਨਿਰਮਾਣ ਕਰੇਗੀ, ਉਹ ਹੀ ਆਉਣ ਵਾਲੇ 5 ਸਾਲਾਂ ਤੱਕ ਉਸ ਸੜਕ ਦੀ ਰਿਪੇਅਰ ਲਈ ਜ਼ਿੰਮੇਵਾਰ ਵੀ ਹੋਵੇਗੀ। ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ 975 ਕਿਲੋਮੀਟਰ ਦੇ ਇਸ ਸੜਕੀ ਨੈਟਵਰਕ ਨਾਲ ਜਿੱਥੇ ਆਵਾਜਾਈ ਸੁਚੱਜੇ ਢੰਗ ਨਾਲ ਚੱਲੇਗੀ, ਉੱਥੇ ਹੀ ਦੁਰਘਟਨਾਵਾਂ ਦਾ ਗ੍ਰਾਫ ਵੀ ਹੇਠਾਂ ਆਵੇਗਾ, ਲੋਕਾਂ ਲਈ ਇੱਕ ਥਾਂ ਤੋਂ ਦੂਜੀ ਥਾਂ ਤੱਕ ਪੁੱਜਣਾ ਆਸਾਨ ਹੋ ਜਾਵੇਗਾ, ਇਸੇ ਤਰ੍ਹਾਂ ਵਪਾਰ ਵੀ ਪ੍ਰਫੁੱਲਿਤ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਲਗਾਤਾਰ ਵਿਕਾਸ ਦੇ ਰਸਤੇ ’ਤੇ ਤੇਜ਼ ਗਤੀ ਨਾਲ ਚੱਲ ਰਿਹਾ ਹੈ ਅਤੇ ਇਸ ਪੂਰੇ ਸਾਲ ਦੌਰਾਨ ਵਿਕਾਸ ਦੇ ਉਹ ਵੱਡੇ ਪ੍ਰੋਜੈਕਟ ਸਰਕਾਰ ਪੂਰੇ ਕਰਨ ਜਾ ਰਹੀ ਹੈ, ਜਿਸ ਬਾਰੇ ਵਿਰੋਧੀ ਪਾਰਟੀਆਂ ਦੀ ਸੋਚ ਵੀ ਨਹੀਂ ਹੈ। ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਲੈਂਡ ਲਾਕ ਸਟੇਟ ਹੈ ਇਸ ਲਈ ਇੱਥੇ ਸੜਕਾਂ ਦਾ ਮਜ਼ਬੂਤ ਨੈੱਟਵਰਕ ਜ਼ਰੂਰੀ ਹੈ, ਕਿਉਂਕਿ ਚੰਗੀਆਂ ਤੇ ਖੁੱਲ੍ਹੀਆਂ ਸੜਕਾਂ ਆਵਾਜਾਈ ਦੀ ਜਿੱਥੇ ਰਫ਼ਤਾਰ ਨੂੰ ਗਤੀ ਪ੍ਰਦਾਨ ਕਰਦੀਆਂ ਹਨ, ਉੱਥੇ ਹੀ ਪੰਜਾਬ ਦੇ ਵਪਾਰ ਨੂੰ ਉੱਪਰ ਚੁੱਕਣ ਲਈ ਸੜਕਾਂ ਦਾ ਯੋਗਦਾਨ ਅਹਿਮ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਤਰਜ਼ ਉੱਪਰ ਹੀ ਸੂਬੇ ਦੇ ਦੂਜੇ ਜ਼ਿਲ੍ਹਿਆਂ ਅੰਦਰ ਵੀ ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ ਉੱਪਰ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ।



