ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਹਲਕਾ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਹਲਕਾ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ

ਗੜ੍ਹਸ਼ੰਕਰ/ਹੁਸ਼ਿਆਰਪੁਰ, 6 ਜਨਵਰੀਃ

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ—ਘਾਗੋਂ ਰੋੜਾਂਵਾਲੀ, ਭੰਮੀਆਂ, ਮਹਿਤਾਬਪੁਰ, ਦੁੱਗਰੀ, ਗੜ੍ਹੀ ਮੱਟੋ, ਪਾਹਲੇਵਾਲ, ਬੀਰਾਮਪੁਰ, ਸਾਧੋਵਾਲ, ਸੌਲੀ, ਪੁਰਖੋਵਾਲ, ਰਾਮਪੁਰ ਬਿਲੜੋ, ਸਲੇਮਪੁਰ, ਸਤਨੌਰ, ਪੱਖੋਵਾਲ, ਪਦਰਾਣਾ, ਬਡੇਸਰੋਂ, ਅਕਾਲਗੜ੍ਹਾ, ਗੋਲੀਆਂ, ਭੱਜਲਾਂ, ਲੱਲੀਆਂ, ਕਾਲੇਵਾਲ, ਮੋਹਣੋਵਾਲ, ਰਾਵਲਪਿੰਡੀ, ਫ਼ਤਹਿਪੁਰ ਕਾਲਾ, ਦੇਨੋਵਾਲ ਕਾਲਾ ਅਤੇ ਡੋਗਰਪੁਰ ਦੀਆਂ ਨਵੀਂ ਤਿਆਰ ਕੀਤੀਆਂ ਲਿੰਕ ਸੜਕਾਂ ਦਾ ਰਸਮੀ ਉਦਘਾਟਨ ਕੀਤਾ ਗਿਆ।

ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਪਿੰਡਾਂ ਦੀ ਤਰੱਕੀ ਲਈ ਰੀੜ੍ਹ ਦੀ ਹੱਡੀ ਹੁੰਦੀਆਂ ਹਨ। ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਪਿੰਡਾਂ ਵਿੱਚ ਆਵਾਜਾਈ ਹੋਰ ਸੁਚੱਜੀ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ’ਤੇ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਡਿਪਟੀ ਸਪੀਕਰ ਨੇ ਦੱਸਿਆ ਕਿ ਇਨ੍ਹਾਂ 28 ਪਿੰਡਾਂ ਦੀਆਂ ਲਿੰਕ ਸੜਕਾਂ ਦੇ ਤਿਆਰ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਲਿਜਾਣ ਵਿੱਚ ਸੁਵਿਧਾ ਮਿਲੇਗੀ, ਵਿਦਿਆਰਥੀਆਂ ਲਈ ਸਕੂਲਾਂ ਅਤੇ ਕਾਲਜਾਂ ਤੱਕ ਪਹੁੰਚ ਆਸਾਨ ਹੋਵੇਗੀ ਅਤੇ ਆਮ ਲੋਕਾਂ ਦਾ ਸਮਾਂ ਤੇ ਖਰਚ ਦੋਵੇਂ ਬਚਣਗੇ। ਉਨ੍ਹਾਂ ਕਿਹਾ ਕਿ ਮਜ਼ਬੂਤ ਸੜਕਾਂ ਨਾ ਸਿਰਫ਼ ਵਿਕਾਸ ਦਾ ਪ੍ਰਤੀਕ ਹੁੰਦੀਆਂ ਹਨ, ਸਗੋਂ ਪਿੰਡਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ ਦੌਰਾਨ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ, ਇਸ ਸਬੰਧੀ ਉਨ੍ਹਾਂ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਹਰ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇ।

ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਚਾਹੇ ਸਿੱਖਿਆ ਹੋਵੇ, ਸਿਹਤ ਸਹੂਲਤਾਂ, ਪਾਣੀ, ਬਿਜਲੀ ਜਾਂ ਸੜਕਾਂ—ਹਰ ਖੇਤਰ ਵਿੱਚ ਲੋਕਾਂ ਦੀਆਂ ਲੋੜਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ। ਸਰਕਾਰ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪਿੰਡ ਦਾ ਹਰ ਵਾਸੀ ਵਿਕਾਸ ਦਾ ਸਿੱਧਾ ਲਾਭ ਪ੍ਰਾਪਤ ਕਰੇ।

ਸਮਾਗਮ ਦੌਰਾਨ ਸਥਾਨਕ ਲੋਕਾਂ ਅਤੇ ਪਿੰਡਾਂ ਦੇ ਨੁਮਾਇੰਦਿਆਂ ਵੱਲੋਂ ਡਿਪਟੀ ਸਪੀਕਰ ਰੌੜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਲਿੰਕ ਸੜਕਾਂ ਦੀ ਮੰਗ ਕਈ ਸਾਲਾਂ ਤੋਂ ਕੀਤੀ ਜਾ ਰਹੀ ਸੀ, ਜੋ ਅੱਜ ਪੂਰੀ ਹੋਈ ਹੈ।

ਅਖੀਰ ਵਿੱਚ ਡਿਪਟੀ ਸਪੀਕਰ ਸ੍ਰੀ ਰੌੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਦ੍ਰਿੜ ਨਿਸ਼ਚੇ ਨਾਲ ਕੰਮ ਕਰ ਰਹੀ ਹੈ ਅਤੇ ਹਲਕਾ ਗੜ੍ਹਸ਼ੰਕਰ ਨੂੰ ਵਿਕਾਸ ਪੱਖੋਂ ਇੱਕ ਮਾਡਲ ਹਲਕਾ ਬਣਾਇਆ ਜਾਵੇਗਾ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਬਲਦੀਪ ਸਿੰਘ ਸੈਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰੀ ਇੰਦਰਜੀਤ ਸਿੰਘ ਬਰਿਆਣਾ, ਡਾ. ਹਰਭਜਨ ਮਹਿਮੀ, ਬਲਾਕ ਸਮਿਤੀ ਮੈਂਬਰ ਡਾ. ਪਰਮਜੀਤ ਪਾਲ, ਮਨਜੀਤ ਕੌਰ, ਸਰਪੰਚ ਸ੍ਰੀ ਜੂਝਾਰ ਸਿੰਘ ਨਾਗਰਾ, ਨੰਬਰਦਾਰ ਸ੍ਰੀ ਹਰੀ ਕ੍ਰਿਸ਼ਨ ਸਿੰਘ ਗੰਗੜ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ, ਪਾਰਟੀ ਆਗੂ, ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।