ਪਿਆਰ, ਸੇਵਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ ਕ੍ਰਿਸਮਸ ਦਾ ਤਿਉਹਾਰ : ਵਿਧਾਇਕ ਬ੍ਰਮ ਸ਼ੰਕਰ ਜਿੰਪਾ

ਪਿਆਰ, ਸੇਵਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ ਕ੍ਰਿਸਮਸ ਦਾ ਤਿਉਹਾਰ : ਵਿਧਾਇਕ ਬ੍ਰਮ ਸ਼ੰਕਰ ਜਿੰਪਾ


ਹੁਸ਼ਿਆਰਪੁਰ, 25 ਦਸੰਬਰ:

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕ੍ਰਿਸਮਸ ਦੇ ਸ਼ੁਭ ਮੌਕੇ 'ਤੇ ਸਾਰੇ ਹੁਸ਼ਿਆਰਪੁਰ ਵਾਸੀਆਂ, ਖਾਸ ਕਰਕੇ ਈਸਾਈ ਭਾਈਚਾਰੇ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਹ ਮੋਨਾ ਮੈਮੋਰੀਅਲ ਚਰਚ ਵਿਖੇ ਆਯੋਜਿਤ ਇਕ ਵਿਸ਼ੇਸ਼ ਪ੍ਰਾਰਥਨਾ ਸਭਾ (ਸਮਾਗਮ) ਵਿਚ ਸ਼ਾਮਲ ਹੋਏ ਅਤੇ ਪ੍ਰਭੂ ਯਿਸੂ ਮਸੀਹ ਦੇ ਸੁਨੇਹਿਆਂ ਨੂੰ ਯਾਦ ਕੀਤਾ।

ਵਿਧਾਇਕ ਜਿੰਪਾ ਨੇ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਪਿਆਰ, ਕੁਰਬਾਨੀ, ਦਇਆ ਅਤੇ ਸੇਵਾ ਦਾ ਪ੍ਰਤੀਕ ਹੈ। ਪ੍ਰਭੂ ਯਿਸੂ ਮਸੀਹ ਨੇ ਮਨੁੱਖਤਾ ਨੂੰ ਆਪਸੀ ਭਾਈਚਾਰੇ, ਸ਼ਾਂਤੀ ਅਤੇ ਸਦਭਾਵਨਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਧਾਰਮਿਕ ਸਦਭਾਵਨਾ ਅਤੇ ਆਪਸੀ ਸਤਿਕਾਰ ਦੀ ਉਦਾਹਰਨ ਰਹੀ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਤਿਉਹਾਰ ਮਨਾਉਂਦੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ, ਸਤਿਕਾਰ ਅਤੇ ਵਿਕਾਸ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇਕ ਹੈ। ਸਰਕਾਰ ਵੱਲੋਂ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਮੁੱਢਲੀਆਂ ਸਹੂਲਤਾਂ ਦੇ ਖੇਤਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਤੋਂ ਸਾਰੇ ਭਾਈਚਾਰਿਆਂ ਨੂੰ ਬਰਾਬਰ ਲਾਭ ਮਿਲ ਰਿਹਾ ਹੈ।

ਮੋਨਾ ਮੈਮੋਰੀਅਲ ਚਰਚ ਵਿਖੇ ਹੋਏ ਇਕੱਠ ਦੌਰਾਨ ਵਿਧਾਇਕ ਜਿੰਪਾ ਨੇ ਸ਼ਹਿਰ ਦੀ ਸ਼ਾਂਤੀ, ਤਰੱਕੀ ਅਤੇ ਆਪਸੀ ਭਾਈਚਾਰੇ ਲਈ ਪ੍ਰਾਰਥਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਨੂੰ ਇਕਜੁੱਟ ਕਰਨ ਅਤੇ ਸਕਾਰਾਤਮਕ ਊਰਜਾ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਡਿਪਟੀ ਮੇਅਰ ਪ੍ਰਵੀਨ ਸੈਣੀ, ਅਤੁਲ ਸ਼ਰਮਾ ਸੋਨਾਲੀਕਾ, ਸੰਜੇ ਸ਼ਰਮਾ, ਜੇਸਨ ਮੈਥਿਊਜ਼, ਸਟੀਫਨ, ਰਾਜੀਵ ਰੰਗਾ, ਪਾਸਟਰ ਮਨਦੀਪ ਨਗਰ, ਸੀਨੀਅਰ, ਸਾਬਕਾ ਕੌਂਸਲਰ ਕੁਲਵਿੰਦਰ ਹੁੰਦਲ, ਕੌਂਸਲਰ ਮੁਕੇਸ਼ ਮੱਲ, ਬਲਾਕ ਪ੍ਰਧਾਨ ਜਸਪਾਲ ਸੁਮਨ ਅਤੇ ਕਈ ਪਤਵੰਤੇ ਅਤੇ ਸ਼ਰਧਾਲੂ ਮੌਜੂਦ ਸਨ।