ਮਾਹਿਲਪੁਰ ਵਿਖੇ ਡਿਪਟੀ ਸਪੀਕਰ ਰੋੜੀ ਵੱਲੋਂ ਵਾਟਰ ਟਰੀਟਮੈਂਟ ਤੇ ਸੀਵਰੇਜ ਪ੍ਰੋਜੈਕਟਾਂ 'ਤੇ ਉੱਚ ਪੱਧਰੀ ਮੀਟਿੰਗ

ਮਾਹਿਲਪੁਰ ਵਿਖੇ ਡਿਪਟੀ ਸਪੀਕਰ ਰੋੜੀ ਵੱਲੋਂ ਵਾਟਰ ਟਰੀਟਮੈਂਟ ਤੇ ਸੀਵਰੇਜ ਪ੍ਰੋਜੈਕਟਾਂ 'ਤੇ ਉੱਚ ਪੱਧਰੀ ਮੀਟਿੰਗ

ਮਾਹਿਲਪੁਰ, 15 ਮਈ 2025 — ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਅੱਜ ਮਾਹਿਲਪੁਰ ਜ਼ਿਲਾ ਹੁਸ਼ਿਆਰਪੁਰ  ਦੇ ਰੈਸਟ ਹਾਊਸ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਦੀ ਅਗਵਾਈ ਕੀਤੀ ਗਈ, ਜਿਸ ਵਿੱਚ ਗੜਸ਼ੰਕਰ ਅਤੇ ਮਾਹਿਲਪੁਰ ਖੇਤਰਾਂ ਵਿੱਚ ਚੱਲ ਰਹੇ ਵਾਟਰ ਟਰੀਟਮੈਂਟ ਪਲਾਂਟਾਂ, ਵਾਟਰ ਸਪਲਾਈ ਲਾਈਨਾਂ ਅਤੇ ਸੀਵਰੇਜ ਪ੍ਰੋਜੈਕਟਾਂ ਦੀ ਤਾਜ਼ਾ ਤਰੀਨ ਸਥਿਤੀ ਬਾਰੇ ਚਰਚਾ ਕੀਤੀ ਗਈ।

ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ, ਨਿਗਰਾਨ ਇੰਜੀਨੀਅਰ, ਕਾਰਜਕਾਰੀ ਇੰਜੀਨੀਅਰ, ਐਸ.ਡੀ.ਓ. ਅਤੇ ਹੋਰ ਕਾਰਜ ਸਾਧਕ ਅਫਸਰਾਂ ਦੀ ਹਾਜ਼ਰੀ 'ਚ ਹੋਈ ਇਸ ਮੀਟਿੰਗ ਦੌਰਾਨ, ਡਿਪਟੀ ਸਪੀਕਰ ਨੇ ਹਰ ਪ੍ਰੋਜੈਕਟ ਦੀ ਪ੍ਰਗਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਨਤਕ ਪੈਸੇ ਨਾਲ ਚੱਲ ਰਹੇ ਪ੍ਰੋਜੈਕਟਾਂ 'ਚ ਪਾਰਦਰਸ਼ਿਤਾ ਅਤੇ ਤੇਜ਼ੀ ਲਿਆਉਣੀ ਜਰੂਰੀ ਹੈ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਲਾਭ ਮਿਲ ਸਕੇ।

ਡਿਪਟੀ ਸਪੀਕਰ ਰੋੜੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ, "ਸਰਕਾਰੀ ਯੋਜਨਾਵਾਂ ਦਾ ਮੁੱਖ ਉਦੇਸ਼ ਲੋਕਾਂ ਦੀ ਭਲਾਈ ਹੈ। ਜੇਕਰ ਕਿਸੇ ਵੀ ਪੱਧਰ 'ਤੇ ਲਾਪਰਵਾਹੀ ਜਾਂ ਢਿੱਲਮੁੱਲ ਵਿਵਹਾਰ ਸਾਹਮਣੇ ਆਇਆ, ਤਾਂ ਉਸ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।"

ਉਨ੍ਹਾਂ ਨੇ ਮੌਕੇ 'ਤੇ ਹੀ ਕੁਝ ਥਾਵਾਂ 'ਤੇ ਪਰੇਸ਼ਾਨੀ ਦੇ ਸੂਚਕ ਇਸ਼ਾਰੇ ਮਿਲਣ 'ਤੇ ਤੁਰੰਤ ਕਾਰਵਾਈ ਲਈ ਅਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣ ਦੀ ਅਪੀਲ ਕੀਤੀ।

ਇਹ ਮੀਟਿੰਗ ਖੇਤਰੀ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ੀ ਦੇਣ ਅਤੇ ਆਮ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਪ੍ਰਗਟ ਕਦਮ ਸਾਬਤ ਹੋਈ।

Tags: