ਸੀ.ਐਮ. ਦੀ ਯੋਗਸ਼ਾਲਾ' ਲੋਕਾਂ ਲਈ ਹੋ ਰਹੀ ਹੈ ਲਾਹੇਵੰਦ ਸਾਬਿਤ - ਡਿਪਟੀ ਕਮਿਸ਼ਨਰ

ਸੀ.ਐਮ. ਦੀ ਯੋਗਸ਼ਾਲਾ' ਲੋਕਾਂ ਲਈ ਹੋ ਰਹੀ ਹੈ ਲਾਹੇਵੰਦ ਸਾਬਿਤ - ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ, 15 ਮਈ  :
 
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਤਹਿਤ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਵੱਖ-ਵੱਖ ਥਾਵਾਂ ’ਤੇ 95 ਮੁਫ਼ਤ ਯੋਗ ਕਲਾਸਾਂ ਲੱਗਾਈਆਂ ਜਾ ਰਹੀਆਂ ਹਨ। ਇਨ੍ਹਾਂ ਮੁਫ਼ਤ ਯੋਗ ਕਲਾਸਾਂ ਵਿੱਚ ਮਾਹਿਰ ਯੋਗਾ ਟ੍ਰੇਨਰ ਲੋਕਾਂ ਨੂੰ ਯੋਗ ਕਰਵਾਉਂਦੇ ਹਨ। ਯੋਗ ਲੋਕਾਂ ਨੂੰ ਸਰੀਰਿਕ ਅਤੇ ਮਾਨਸਿਕ ਰੋਗਾਂ ਤੋਂ ਛੁਟਕਾਰਾ ਪਾਉਣ ਵਿੱਚ ਕਾਫੀ ਮਦਦਗਾਰ ਸਾਬਤ ਹੋ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਕੀਤਾ।
 
 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਤਹਿਤ ਪੂਰੇ ਜ਼ਿਲ੍ਹੇ ਵਿੱਚ ਕੁੱਲ 17 ਮਾਹਿਰ ਯੋਗਾ ਟ੍ਰੇਨਰ ਤੈਨਾਤ ਕੀਤੇ ਗਏ ਹਨ ਜੋ ਲੋਕਾਂ ਨੂੰ ਉਨ੍ਹਾਂ ਦੀ ਸਹੂਲਤ ਅਨੁਸਾਰ ਨਿਸਚਿਤ ਥਾਵਾਂ ’ਤੇ ਯੋਗ ਦੇ ਮਹੱਤਵ ਤੋਂ ਜਾਣੂ ਕਰਵਾਉਂਦੇ ਹੋਏ ਯੋਗ ਕਰਨ ਦੀਆਂ ਸਹੀ ਵਿਧੀਆਂ ਸਿਖਾਉਂਦੇ ਹਨ। ਇਸ ਨਾਲ ਹੀ ਸਿਹਤਮੰਦ ਜੀਵਨਸ਼ੈਲੀ ਅਤੇ ਚੰਗੀ ਖੁਰਾਕ ਬਾਰੇ ਵੀ ਜਾਗਰੂਕ ਕਰਦੇ ਹਨ। ਉਨ੍ਹਾਂ ਸਿਹਤਮੰਦ ਜੀਵਨ ਲਈ ਲੋਕਾਂ ਨੂੰ ਸੀ.ਐਮ. ਦੀ ਯੋਗਸ਼ਾਲਾ ਤਹਿਤ ਲਗਾਈਆਂ ਜਾਂਦੀਆਂ ਇਨ੍ਹਾਂ ਮੁਫ਼ਤ ਯੋਗ ਕਲਾਸਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕੀਤੀ।   
 
ਹੋਰ ਜਾਣਕਾਰੀ ਦਿੰਦਿਆਂ ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਅਕਤੂਬਰ 2023 ਤੋਂ ਸ਼ੁਰੂ ਹੋਈ ਸੀ.ਐਮ. ਦੀ ਯੋਗਸ਼ਾਲਾ ਨੂੰ ਜ਼ਿਲ੍ਹੇ ਵਿੱਚ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਅਧੀਨ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਇਨ੍ਹਾਂ ਯੋਗ ਕਲਾਸਾਂ ਵਿੱਚ 3500 ਤੋਂ ਵੱਧ ਲੋਕ ਰੋਜ਼ਾਨਾ ਯੋਗ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁਫ਼ਤ ਯੋਗ ਸਿਖਣ ਦੇ ਚਾਹਵਾਨ 25 ਮੈਂਬਰਾਂ ਦਾ ਗਰੁੱਪ ਬਣਾ ਕੇ ਹੈਲਪਲਾਈਨ ਨੰਬਰ 76694-00500 ਤੇ ਮਿਸਡ ਕਾਲ ਕਰ ਸਕਦੇ ਹਨ ਜਾਂ ਮੋਬਾਇਲ ਨੰਬਰ 78888-40115 ’ਤੇ ਵੀ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ http://cmdiyogshala.punjab.gov.in ’ਤੇ ਵੀ ਰਜਿਸਟਰੇਸ਼ਨ ਕੀਤਾ ਜਾ ਸਕਦਾ ਹੈ।
Tags: