ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ 14 ਦਸੰਬਰ ਨੂੰ ਹੋਣਗੀਆਂ: ਰਾਜ ਕਮਲ ਚੌਧਰੀ
ਚੰਡੀਗੜ੍ਹ 28 ਨਵੰਬਰ 2025:
ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 209 ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮਿਤੀ 25.09.2025 ਅਨੁਸਾਰ ਰਾਜ ਚੋਣ ਕਮਿਸ਼ਨ ਵੱਲੋਂ ਰਾਜ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਮੈਂਬਰਾਂ ਦੀਆਂ ਆਮ ਚੋਣਾਂ ਲਈ ਘੋਸ਼ਣਾ ਕੀਤੀ ਗਈ ਹੈ।
ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਚੋਣ ਸ਼ਡਿਊਲ ਅਨੁਸਾਰ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਮਿਤੀ 01.12.2025 (ਸੋਮਵਾਰ)(ਸਵੇਰੇ 11:00 ਤੋਂ ਸ਼ਾਮ 03:00 ਵਜੇ ਤੱਕ) ਇਸ ਕੰਮ ਲਈ ਨਾਮਜ਼ਦ ਕੀਤੇ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਸ਼ੁਰੂ ਹੋਵੇਗੀ। ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 04.12.2025 (ਵੀਰਵਾਰ) ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 05.12.2025 (ਸ਼ੁੱਕਰਵਾਰ) ਹੋਵੇਗੀ। ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 06.12.2025 (ਸ਼ਨੀਵਾਰ) ਸ਼ਾਮ 03:00 ਵਜੇ ਤੱਕ ਹੋਵੇਗੀ । ਸਾਰੇ ਨਾਮਜ਼ਦਗੀ ਪੱਤਰਾਂ ਨਾਲ ਨਿਰਧਾਰਿਤ ਹਲਫੀਆ ਬਿਆਨ ਅਤੇ ਉਮੀਦਵਾਰ ਰਾਜਨੀਤਿਕ ਪਾਰਟੀ ਵੱਲੋਂ ਖੜ੍ਹਾ ਕੀਤੇ ਜਾਣ ਦੀ ਸੂਰਤ ਵਿੱਚ ਸਬੰਧਤ ਰਾਜਨੀਤਿਕ ਪਾਰਟੀ ਦਾ ਅਧਿਕਾਰਤ ਪੱਤਰ ਨਾਲ ਲੱਗਿਆ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਚੋਣ ਮਿਤੀ 14.12.2025 (ਐਤਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ ਦੇ 04:00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17.12.2025 (ਬੁੱਧਵਾਰ) ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ਤੇ ਹੋਵੇਗੀ।
ਉਸਨੇ ਖੁਲਾਸਾ ਕੀਤਾ ਕਿ ਇਹ ਚੋਣ 23 ਜ਼ਿਲ੍ਹਾ ਪ੍ਰੀਸ਼ਦਾਂ ਦੇ 357 ਜੋਨਾਂ ਅਤੇ 154 ਪੰਚਾਇਤ ਸੰਮਤੀਆਂ ਦੇ 2863 ਜੋਨਾਂ ਦੇ ਮੈਂਬਰਾਂ (ਪ੍ਰਤੀ ਜੋਨ 1 ਮੈਂਬਰ) ਲਈ ਹੋਵੇਗੀ। ਕੁੱਲ ਰਜਿਸਟਰਡ ਵੋਟਰਾਂ ਦੀ ਗਿਣਤੀ 1,36,04,650 ਹੈ, ਜਿਨ੍ਹਾਂ ਵਿੱਚ 71,64,972 ਪੁਰਸ਼, 64,39,497, ਇਸਤਰੀਆਂ ਅਤੇ 181 ਹੋਰ ਵੋਟਰ ਹਨ।ਇਨ੍ਹਾਂ ਚੋਣਾਂ ਲਈ ਜ਼ਿਲ੍ਹਿਆਂ ਵਿੱਚ ਸਾਰੇ ਪੇਂਡੂ ਖੇਤਰਾਂ ਨੂੰ ਕਵਰ ਕਰਦੇ ਹੋਏ 19,181 ਬੂਥ ਸਥਾਪਿਤ ਕੀਤੇ ਗਏ ਹਨ।
ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਲਈ 2,55,000/- ਰੁ: ਅਤੇ ਪੰਚਾਇਤ ਸੰਮਤੀ ਦੇ ਉਮੀਦਵਾਰ ਲਈ 1,10,000/- ਰੁ: ਖਰਚੇ ਦੀ ਹੱਦ ਨੋਟੀਫਾਈ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਲਗਭੱਗ 96,000 ਕਰਮਚਾਰੀ ਚੋਣ ਡਿਊਟੀ 'ਤੇ ਲਗਾਏ ਜਾਣਗੇ। ਹਰੇਕ ਜ਼ਿਲ੍ਹੇ ਵਿੱਚ ਇੱਕ ਆਈ.ਏ.ਐਸ/ਸੀਨੀਅਰ ਪੀ.ਸੀ.ਐਸ ਅਫ਼ਸਰ ਨੂੰ ਚੋਣਾਂ ਦੀ ਸਹੀ ਢੰਗ ਨਾਲ ਦੇਖ-ਰੇਖ ਲਈ ਚੋਣ ਅਬਜ਼ਰਵਰ ਨਿਯੁਕਤ ਕੀਤਾ ਜਾਵੇਗਾ।
ਕਮਿਸ਼ਨ ਵੱਲੋਂ ਇਹ ਚੋਣਾਂ ਨਿਰਪੱਖ, ਆਜ਼ਾਦ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਸਾਰੇ ਬੰਦੋਬਸਤ ਕਰ ਲਏ ਲਏ ਗਏ ਹਨ। ਚੋਣਾਂ ਦਾ ਇਹ ਪ੍ਰੋਗਰਾਮ ਐਲਾਨਣ ਨਾਲ, ਉਮੀਦਵਾਰਾਂ ਅਤੇ ਰਾਜ ਦੇ ਮਾਰਗ ਦਰਸ਼ਨ ਲਈ ਆਦਰਸ਼ ਚੋਣ ਜਾਬਤਾ ਸਾਰੀਆਂ ਗਰਾਮ ਪੰਚਾਇਤਾਂ, ਜੋ ਕਿ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਅਧੀਨ ਆਉਂਦੀਆ ਹਨ, ਦੇ ਰੈਵੀਨਿਊ ਖੇਤਰ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਇਹ ਚੋਣ ਪ੍ਰਕ੍ਰਿਆ ਖ਼ਤਮ ਹੋਣ ਤੱਕ ਲਾਗੂ ਰਹੇਗਾ। ਆਦਰਸ਼ ਚੋਣ ਜਾਬਤੇ ਦੀ ਕਾਪੀ ਕਮਿਸ਼ਨ ਦੀ ਵੈਬਸਾਈਟ ਤੇ ਉਪਲੱਬਧ ਹੈ।


