ਪੰਜਾਬ ਸਖੀ ਸ਼ਕਤੀ ਮੇਲੇ 'ਚ ਜੋਗੀਆਂ ਦੀ ਬੀਨ ਬਣੀ ਆਕਰਸ਼ਣ ਦਾ ਕੇਂਦਰ
ਸੰਗਰੂਰ, 28 ਨਵੰਬਰ:
ਸੰਗਰੂਰ ਦੇ ਰਣਬੀਰ ਕਾਲਜ ਵਿਚ ਸਜਿਆ ਪੰਜਾਬ ਸਖੀ ਸ਼ਕਤੀ ਮੇਲਾ ਹੁਣ ਆਪਣੇ ਪੂਰੇ ਜੋਬਨ 'ਤੇ ਪੁੱਜ ਚੁੱਕਾ ਹੈ। ਜਿਥੇ ਰੋਜ਼ਾਨਾ ਇਸ ਮੇਲੇ 'ਚ ਵੱਡੀ ਗਿਣਤੀ ਲੋਕਾਂ ਵੱਲੋਂ ਖਰੀਦੋ ਫਰੋਖ਼ਤ ਕੀਤੀ ਜਾ ਰਹੀ ਹੈ, ਉਥੇ ਹੀ ਸਟੇਜ ’ਤੇ ਚੱਲ ਰਹੀਆਂ ਸਭਿਆਚਾਰਕ ਪੇਸ਼ਕਾਰੀਆਂ ਰਾਹੀ ਮੇਲੇ ’ਚ ਆਉਣ ਵਾਲੇ ਹਜ਼ਾਰਾਂ ਮੇਲੀਆਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ। ਸਟੇਜ ਤੋਂ ਵੱਖ ਮੈਦਾਨ ਵਿੱਚ ਬੀਨ ਜੋਗੀ ਆਪਣੇ ਫਨ ਦਾ ਮੁਜ਼ਾਹਰਾ ਕਰਕੇ ਮੇਲੀਆਂ ਨੂੰ ਆਪਣੇ ਵੱਲ ਕੀਲ ਰਹੇ ਹਨ।
ਇਸ ਮੇਲੇ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੁਖਚੈਨ ਸਿੰਘ ਨੇ ਦੱਸਿਆ ਕਿ ਉੱਤਰ ਖੇਤਰੀ ਸਭਿਆਚਾਰ ਕੇਂਦਰ ਵੱਲੋਂ ਮੇਲੇ ਵਿੱਚ ਭੇਜੇ ਹੋਰਨਾਂ ਰਾਜਾਂ ਦੇ 20 ਦੇ ਕਰੀਬ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਦੇ ਰਹੇ ਹਨ। ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਵੀ ਵੱਖ ਵੱਖ ਪੇਸ਼ਕਾਰੀਆਂ ਨਾਲ ਮੇਲੇ ’ਚ ਸਮਾਂ ਬੰਨ੍ਹਿਆਂ ਜਾ ਰਿਹਾ ਹੈ ਅਤੇ ਸ਼ਾਮ ਸਮੇਂ ਪੰਜਾਬੀ ਦੇ ਨਾਮਵਰ ਕਲਾਕਾਰਾਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਜਾਂਦੀਆਂ ਹਨ।
ਹਰਿਆਣਾ ਤੋਂ ਆਈ ਬੀਨ ਜੋਗੀਆ ਦੀ 8 ਮੈਂਬਰੀ ਟੀਮ ਦੇ ਮੈਂਬਰ ਪ੍ਰਕਾਸ਼ ਨਾਥ ਬੀਨ ਜੋਗੀ ਨੇ ਦੱਸਿਆ ਕਿ ਉਹ ਪੀੜ੍ਹੀਆਂ ਤੋਂ ਇਸੇ ਕਿਤੇ ਨਾਲ ਸਬੰਧ ਰੱਖ ਰਹੇ ਹਨ ਤੇ ਦੇਸ਼ ਦੇ ਵੱਖ ਵੱਖ ਸੂਬਿਆਂ ’ਚ ਲੱਗਦੇ ਸਰਸ, ਕਰਾਫ਼ਟ ਤੇ ਖੇਤਰੀ ਮੇਲਿਆਂ ’ਚ ਉਨ੍ਹਾਂ ਦੀ ਟੀਮ ਵੱਲੋਂ ਹਾਜ਼ਰੀ ਲਵਾਈ ਜਾਂਦੀ ਹੈ। ਉਨ੍ਹਾਂ ਪੰਜਾਬ ਸਖੀ ਸ਼ਕਤੀ ਮੇਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਥੇ ਆਉਣ ਵਾਲੇ ਦਰਸ਼ਕਾਂ ਵੱਲੋਂ ਉਨ੍ਹਾਂ ਦੀ ਕਲਾਂ ਨੂੰ ਪੂਰਾ ਸਤਿਕਾਰ ਦਿੱਤਾ ਜਾ ਰਿਹਾ ਹੈ।
ਮਹਿਲਾ ਸ਼ਕਤੀ ਦਾ ਪ੍ਰਤੀਕ ਬਣੇ ਪੰਜਾਬ ਸਖੀ ਸ਼ਕਤੀ ਮੇਲੇ ਦੇ ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਸੁਖਚੈਨ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਦੀ ਅਗਵਾਈ ’ਚ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਦੂਰ ਦੁਰਾਡੇ ਤੋਂ ਆਏ ਦਸਤਕਾਰਾਂ ਤੇ ਕਲਾਕਾਰਾਂ ਨੂੰ ਸੰਗਰੂਰ ਵਾਸੀਆਂ ਵੱਲੋਂ ਭਰਾਵਾਂ ਹੂੰਗਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ’ਚ ਵੱਖ ਵੱਖ ਟੈਂਟਾਂ ’ਚ 50 ਤੋਂ ਵੱਧ ਸਟਾਲਾਂ ਤੇ ਖੁੱਲ੍ਹੇ ਮੈਦਾਨ ’ਚ 3 ਸਟਾਲਾਂ ਸਜੀਆਂ ਹੋਈਆਂ ਹਨ, ਜਿੱਥੋਂ ਰੋਜ਼ਾਨਾ ਹਜ਼ਾਰਾ ਦੀ ਗਿਣਤੀ ਵਿੱਚ ਲੋਕ ਖ਼ਰੀਦੋ ਫ਼ਰੋਖ਼ਤ ਕਰ ਰਹੇ ਹਨ। ਉਨ੍ਹਾਂ ਸੰਗਰੂਰ ਵਾਸੀਆਂ ਨੂੰ ਮੇਲੇ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦੂਰ ਦੁਰਾਡੇ ਤੋਂ ਆਏ ਕਲਾਕਾਰਾਂ ਤੇ ਘਰੇਲੂ ਦਸਤਕਾਰਾਂ/ਹਸਤਕਾਰਾਂ ਦੀ ਹੌਸਲਾ ਅਫ਼ਜ਼ਾਈ ਮੇਲੇ ’ਚ ਸ਼ਾਮਲ ਹੋ ਕੇ ਹੀ ਕੀਤੀ ਜਾ ਸਕਦੀ ਹੈ।


