ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਖੇਤਾਂ 'ਚ ਪੁੱਜੇ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲੈਣ

ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਖੇਤਾਂ 'ਚ ਪੁੱਜੇ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲੈਣ

ਬਰਨਾਲਾ,  30 ਅਕਤੂਬਰ
 
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸਵਿੰਦਰ ਸਿੰਘ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਬਲਾਕਾਂ 'ਚ ਪਰਾਲੀ ਦੀ ਸੰਭਾਲ ਲਈ ਤਾਇਨਾਤ ਅਫ਼ਸਰਾਂ ਅਤੇ ਕਰਮਚਾਰੀਆਂ ਦੀ ਚੈਕਿੰਗ ਕੀਤੀ। 
 
ਇਨ੍ਹਾਂ ਉੱਚ ਅਧਿਕਾਰੀਆਂ ਵੱਲੋਂ ਵੱਖ ਵੱਖ ਥਾਵਾਂ ਉੱਤੇ ਚੱਲ ਰਹੀਆਂ ਪਰਾਲੀ ਸੰਭਾਲ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ ਜਿਸ ਦੌਰਾਨ ਉਨ੍ਹਾਂ ਕਿਸਾਨਾਂ ਨਾਲ ਵੀ ਗੱਲ ਬਾਤ ਕੀਤੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਵੱਖ ਵੱਖ ਖੇਤੀਬਾੜੀ ਸੰਦ ਸਬਸਿਡੀ ਉੱਤੇ ਦਿੱਤੇ ਗਏ ਹਨ। ਇਨ੍ਹਾਂ ਸੰਦਾਂ ਦੀ ਮਦਦ ਨਾਲ ਅਤੇ ਆਪਣੀ ਮਿਹਨਤ ਸਦਕਾ ਕਿਸਾਨ ਵੀਰ ਆਪਣੇ ਖੇਤਾਂ 'ਚ ਹੀ ਪਰਾਲੀ ਦੀ ਸੰਭਾਲ ਕਰ ਰਹੇ ਹਨ। 
 
ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋ ਜ਼ਿਲ੍ਹੇ ਦੇ ਹਰ ਇੱਕ ਪਿੰਡ ਵਿੱਚ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਵੇਲੇ ਜ਼ਿਲ੍ਹੇ 'ਚ 86 ਬੇਲਰ ਪਰਾਲੀ ਸੰਭਾਲ ਦਾ ਕੰਮ ਕਰ ਰਹੇ ਹਨ, ਜਿਨ੍ਹਾਂ ਵੱਲੋਂ ਪਰਾਲੀ ਮਿੱਥੇ ਗਏ 14 ਡੰਪਾਂ 'ਚ ਭੇਜੀ ਜਾ ਰਹੀ ਹੈ। ਉਨ੍ਹਾਂ ਪਿੰਡ ਚੰਨਣਵਾਲ ਵਿਖੇ ਬਣੇ ਡੰਪ ਦਾ ਵਿਸ਼ੇਸ਼ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਡੰਪ 'ਚ ਆਸ ਪਾਸ ਦੇ ਪਿੰਡਾਂ ਦੀ ਪਰਾਲੀ ਦੀ 13 ਏਕੜ ਥਾਂ ਚ ਸੰਭਾਲ ਕੀਤੀ ਜਾ ਰਹੀ ਹੈ। 
 
ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਅਫ਼ਸਰਾਂ ਅਤੇ ਕਰਮਚਾਰੀਆਂ ਵੱਲੋ ਤਪਾ, ਪਿੰਡ ਗੰਗੋਹਰ, ਕੋਠੇ ਰਸੂਲਪੁਰ, ਪੱਖੋ ਕੈਂਚੀਆਂ, ਧਨੌਲਾ, ਝਲੂਰ, ਗਹਿਲ, ਕਿਰਪਾਲ ਸਿੰਘ ਵਾਲਾ, ਦਰਾਕਾ, ਪੱਖੋਕੇ ਆਦਿ ਇਲਾਕਿਆਂ ਦਾ ਦੌਰਾ ਕੀਤਾ ਗਿਆ। 
 
ਉਨ੍ਹਾਂ ਕਿਸਾਨ ਵੀਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਇਸ ਪਰਾਲੀ ਨੂੰ ਵੇਚ ਕੇ ਕਿਸਾਨ ਵੀਰ ਮੁਨਾਫ਼ਾ ਕਮਾ ਸੱਕਦੇ ਹਨ ਅਤੇ ਨਾਲ ਹੀ ਵਾਤਾਵਰਨ ਵੀ ਦੇਖ ਭਾਲ ਕਰ ਸੱਕਦੇ ਹਨ।