ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਰਾਜ ਪੱਧਰੀ ਆਰਚਰੀ ਅਤੇ ਰਗਬੀ ਮੁਕਾਬਲਿਆਂ ਦਾ ਆਗਾਜ਼
ਅੰਮ੍ਰਿਤਸਰ, 17 ਅਕਤੂਬਰ 2026: ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਅੰਮ੍ਰਿਤਸਰ ਵਿਖੇ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ ਆਰਚਰੀ ਅਤੇ ਰਗਬੀ ਖੇਡਾਂ ਦਾ ਉਦਘਾਟਨ ਅੱਜ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਕੀਤਾ ਗਿਆ। ਇਹ ਮੁਕਾਬਲੇ 17 ਤੋਂ 23 ਅਕਤੂਬਰ ਤੱਕ ਕਰਵਾਏ ਜਾਣਗੇ।
ਇਸ ਮੌਕੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਆਰਚਰੀ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿਖੇ ਅਤੇ ਰਗਬੀ ਦੇ ਮੁਕਾਬਲੇ ਖਾਲਸਾ ਕਾਲਜ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਹਨ। ਆਰਚਰੀ ਦੇ ਮੁਕਾਬਲੇ ਅੰਡਰ-14, ਅੰਡਰ-17, ਅੰਡਰ-21, 21-30 ਅਤੇ 31-40 ਉਮਰ ਵਰਗਾਂ ਵਿੱਚ, ਜਦਕਿ ਰਗਬੀ ਦੇ ਮੁਕਾਬਲੇ ਅੰਡਰ-14, ਅੰਡਰ-17, ਅੰਡਰ-21 ਅਤੇ 21-30 ਉਮਰ ਵਰਗਾਂ ਵਿੱਚ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਚੋਣ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਕੀਤੀ ਗਈ ਸੀ ਅਤੇ ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਖਿਡਾਰੀ ਹੁਣ ਰਾਜ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ।
ਇਸ ਮੌਕੇ ਸ. ਹਰਭਜਨ ਸਿੰਘ ਈ.ਟੀ.ਓ. ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਰੀਰਕ ਤੰਦਰੁਸਤੀ ਅਤੇ ਟੀਮ ਭਾਵਨਾ ਨੂੰ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਉਪਰੰਤ ਉਨ੍ਹਾਂ ਨੇ ਰਸਮੀ ਤੌਰ ’ਤੇ ਖੇਡ ਮੁਕਾਬਲੇ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਖਿਡਾਰੀਆਂ ਤੇ ਉਨ੍ਹਾਂ ਦੇ ਕੋਚਾਂ ਨਾਲ ਜਾਣ-ਪਛਾਣ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਨੂੰ ਰਾਜ ਪੱਧਰੀ ਰਗਬੀ ਮੁਕਾਬਲਿਆਂ ਦੀ ਤੀਜੀ ਵਾਰ ਅਤੇ ਆਰਚਰੀ ਮੁਕਾਬਲਿਆਂ ਦੀ ਪਹਿਲੀ ਵਾਰ ਮੇਜ਼ਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ।
ਅੱਜ ਦੇ ਖੇਡ ਨਤੀਜੇ
ਰਗਬੀ (ਅੰਡਰ-14 ਲੜਕੇ): ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਮਾਨਸਾ ਦੀ ਟੀਮ ਨੇ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੂੰ 5-0 ਦੇ ਫ਼ਰਕ ਨਾਲ ਹਰਾਇਆ। ਦੂਜੇ ਸੈਮੀਫਾਈਨਲ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਕਪੂਰਥਲਾ ਨੂੰ 5-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ।
ਆਰਚਰੀ: ਅੰਡਰ-14, ਅੰਡਰ-17, ਅੰਡਰ-21, 21-30 ਅਤੇ 31-40 ਉਮਰ ਵਰਗਾਂ ਦੇ ਕੰਪਾਊਂਡ ਅਤੇ ਰਿਕਰਵ ਵਰਗਾਂ ਦੇ ਰੈਂਕਿੰਗ ਮੁਕਾਬਲੇ ਜਾਰੀ ਰਹੇ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਖੇਡ ਵਿਭਾਗ ਦੇ ਕੋਚ ਅਤੇ ਦਫ਼ਤਰੀ ਸਟਾਫ਼ ਵੀ ਹਾਜ਼ਰ ਸਨ।

