ਕਰੀਬ 50 ਕਰੋੜ ਰੁਪਏ ਨਾਲ ਮਾਧੋਪੁਰ ਹੈੱਡਵਰਕਸ ਦੇ 54 ਗੇਟਾਂ ਦਾ ਮਜ਼ਬੂਤੀਕਰਨ ਕੀਤਾ ਬਰਿੰਦਰ ਕੁਮਾਰ ਗੋਇਲ
*ਚੰਡੀਗੜ੍ਹ/ਪਠਾਨਕੋਟ, 8 ਜੁਲਾਈ:* ਮਾਧੋਪੁਰ ਹੈੱਡਵਰਕਸ ਦੇ 54 ਗੇਟਾਂ ਦਾ ਆਧੁਨਿਕੀਕਰਨ ਅਤੇ ਮਜ਼ਬੂਤੀਕਰਨ ਕਰਕੇ ਉਨ੍ਹਾਂ ਨੂੰ ਬਿਜਲਈ ਮੋਟਰਾਂ ਨਾਲ ਚਲਾਉਣਯੋਗ ਬਣਾਇਆ ਗਿਆ ਅਤੇ ਨੁਕਸਾਨੇ ਗਏ ਤਿੰਨ ਗੇਟਾਂ ਦੀ ਨਵੇਂ ਡਿਜ਼ਾਇਨ ਅਨੁਸਾਰ ਰਿਕਾਰਡ ਸਮੇਂ ਵਿੱਚ ਮੁੜ ਉਸਾਰੀ ਕੀਤੀ ਗਈ। ਇਨ੍ਹਾਂ ਸਾਰੇ ਕੰਮਾਂ 'ਤੇ ਕਰੀਬ 50 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਪ੍ਰਗਟਾਵਾ ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਮਾਧੋਪੁਰ ਹੈੱਡਵਰਕਸ ਦੇ ਬਣਾਏ ਗਏ ਗੇਟਾਂ ਦਾ ਨਿਰੀਖਣ ਕਰਨ ਮਗਰੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਪਿਛਲੇ ਕੱਲ੍ਹ ਤੋਂ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਉਨ੍ਹਾਂ ਖੇਤਰਾਂ ਦਾ ਜਾਇਜ਼ਾ ਲੈ ਰਹੇ ਹਨ, ਜਿਥੇ ਪਿਛਲੇ ਸਾਲ ਹੜ੍ਹਾਂ ਕਾਰਨ ਨੁਕਸਾਨ ਹੋਇਆ ਸੀ ਅਤੇ ਜਿਥੇ ਵਿਭਾਗ ਵੱਲੋਂ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਵੱਲੋਂ ਅੱਜ ਲਗਾਤਾਰ ਦੂਜੇ ਦਿਨ ਸ਼ਾਹਪੁਰਕੰਢੀ ਰੋਡ ਸਥਿਤ ਓਸ਼ੋ ਆਸ਼ਰਮ ਦੇ ਨਜ਼ਦੀਕ ਰਾਵੀ ਦੇ ਨਾਲ ਲੱਗਦੇ ਅਜਿਹੇ ਖੇਤਰਾਂ ਦਾ ਦੌਰਾ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਕਿਹਾ, "ਮੈਂ ਉਨ੍ਹਾਂ ਸਾਰੇ ਖੇਤਰਾਂ ਵਿੱਚ ਜਾ ਰਿਹਾ ਹਾਂ, ਜੋ ਪਿਛਲੇ ਸਾਲ ਹੜ੍ਹਾਂ ਦੀ ਮਾਰ ਕਾਰਨ ਪ੍ਰਭਾਵਿਤ ਹੋਏ ਸਨ। ਇਸ ਵਾਰ ਸੂਬੇ ਨੂੰ ਪਹਿਲਾਂ ਵਾਲੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਅਗਾਊਂ ਜਾਇਜ਼ਾ ਲਿਆ ਜਾ ਰਿਹਾ ਹੈ।"
ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 27 ਅਗਸਤ, 2025 ਨੂੰ ਆਏ ਭਿਆਨਕ ਹੜ੍ਹਾਂ ਦੌਰਾਨ ਹੋਏ ਨੁਕਸਾਨ ਤੋਂ ਬਾਅਦ ਵਿਭਾਗ ਨੇ ਜੰਗੀ ਪੱਧਰ 'ਤੇ ਕੰਮ ਕਰਦਿਆਂ ਦੋਵਾਂ ਪਾਸਿਆਂ ਕਰੀਬ 500 ਮੀਟਰ ਲੰਬੇ ਸੁਰੱਖਿਆ ਬੰਨ੍ਹਾਂ ਦੀ ਉਸਾਰੀ ਕੀਤੀ। ਅਸਥਾਈ ਰਿੰਗ ਬੰਨ੍ਹ ਬਣਾ ਕੇ 1 ਅਕਤੂਬਰ 2025 ਤੋਂ ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਨਹਿਰਾਂ ਵਿੱਚ ਮੁੜ ਪੂਰੀ ਸਮਰੱਥਾ ਨਾਲ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 54 ਗੇਟਾਂ ਦਾ ਆਧੁਨਿਕੀਕਰਨ ਕਰਕੇ ਉਨ੍ਹਾਂ ਨੂੰ ਬਿਜਲਈ ਮੋਟਰਾਂ ਨਾਲ ਚਲਾਉਣਯੋਗ ਬਣਾਇਆ ਗਿਆ ਅਤੇ ਨੁਕਸਾਨੇ ਗਏ ਤਿੰਨ ਗੇਟਾਂ ਦੀ ਨਵੇਂ ਡਿਜ਼ਾਈਨ ਅਨੁਸਾਰ ਰਿਕਾਰਡ ਸਮੇਂ ਵਿੱਚ ਮੁੜ ਉਸਾਰੀ ਕੀਤੀ ਗਈ। ਇਨ੍ਹਾਂ ਸਾਰੇ ਕੰਮਾਂ 'ਤੇ ਕਰੀਬ 50 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਹੜ੍ਹਾਂ ਦੌਰਾਨ ਜਿੱਥੇ-ਜਿੱਥੇ ਕਮਜ਼ੋਰ ਅਤੇ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਹੋਈ ਸੀ, ਉੱਥੇ ਮਜ਼ਬੂਤੀਕਰਨ ਅਤੇ ਮੁਰੰਮਤ ਦੇ ਸਾਰੇ ਕੰਮ ਪਹਿਲਾਂ ਹੀ ਮੁਕੰਮਲ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਰੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਹਨ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

