ਹਰਿਆਣਾ 'ਚ 'ਦੁੱਧ ਬੰਦ' ਅੰਦੋਲਨ ਫ਼ਿਲਹਾਲ ਖ਼ਤਮ; ਸਰਕਾਰ ਨੂੰ 17 ਅਕਤੂਬਰ ਦਾ ਅਲਟੀਮੇਟਮ,
ਸਿਰਸਾ: ਹਰਿਆਣਾ ਵਿੱਚ ਦੁੱਧ ਦੇ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਵੱਲੋਂ ਚਲਾਇਆ ਜਾ ਰਿਹਾ 'ਦੁੱਧ ਬੰਦ' ਅੰਦੋਲਨ ਸ਼ਨੀਵਾਰ ਨੂੰ ਸਮਾਪਤ ਕਰ ਦਿੱਤਾ ਗਿਆ। ਸਿਰਸਾ ਦੇ ਵੀਟਾ ਪਲਾਂਟ ਵਿਖੇ ਹੋਈ ਕਿਸਾਨਾਂ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਨੂੰ 17 ਅਕਤੂਬਰ ਤੱਕ ਦਾ ਸਮਾਂ ਦਿੱਤਾ ਜਾਵੇਗਾ। ਜੇਕਰ ਫੈਟ ਦੇ ਹਿਸਾਬ ਨਾਲ ਦੁੱਧ ਦੇ ਭਾਅ ਨਾ ਵਧਾਏ ਗਏ ਤਾਂ 17 ਅਕਤੂਬਰ ਨੂੰ ਸਿਰਸਾ ਦੀ ਜਾਟ ਧਰਮਸ਼ਾਲਾ ਵਿਖੇ ਇਕੱਠ ਕਰਕੇ ਅਗਲੀ ਵੱਡੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।
ਵੀਟਾ ਪਲਾਂਟ 'ਤੇ ਰੋਕੇ ਵਾਹਨ, ਗੁਰੂ ਘਰਾਂ ਤੇ ਮੰਦਰਾਂ 'ਚ ਵੰਡਿਆ ਦੁੱਧ ਇਸ ਅੰਦੋਲਨ ਦੌਰਾਨ ਕਿਸਾਨਾਂ ਨੇ ਸਿਰਸਾ ਵੀਟਾ ਪਲਾਂਟ ਦੇ ਗੇਟ 'ਤੇ ਧਰਨਾ ਦੇ ਕੇ ਦੁੱਧ ਦੀ ਸਪਲਾਈ ਵਾਲੇ ਵਾਹਨ ਰੋਕ ਦਿੱਤੇ ਸਨ। ਸ਼ੁੱਕਰਵਾਰ ਨੂੰ ਵੱਖ-ਵੱਖ ਥਾਵਾਂ 'ਤੇ ਦੁੱਧ ਦੇ ਡਰੰਮ ਰੋਕ ਕੇ ਲਗਭਗ 1000 ਲੀਟਰ ਦੁੱਧ ਇਕੱਠਾ ਕੀਤਾ ਗਿਆ, ਜਿਸ ਨੂੰ ਲੋੜਵੰਦਾਂ ਵਿੱਚ ਵੰਡਣ ਤੋਂ ਇਲਾਵਾ ਕੰਗਨਪੁਰ ਦੇ ਗੁਰਦੁਆਰਾ ਸਾਹਿਬ, ਮੰਦਰ ਅਤੇ ਇਤਿਹਾਸਕ ਚਿੱਲਾ ਸਾਹਿਬ ਗੁਰਦੁਆਰਾ, ਸਿਰਸਾ ਦੇ ਲੰਗਰ ਲਈ ਭੇਜਿਆ ਗਿਆ। ਚਿੱਲਾ ਸਾਹਿਬ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਬਾਬਾ ਜਗਤਾਰ ਸਿੰਘ ਨੇ ਕਿਹਾ ਕਿ ਗੁਰੂ ਘਰ ਹਮੇਸ਼ਾ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੇ ਸੰਘਰਸ਼ ਨਾਲ ਖੜ੍ਹਾ ਹੈ।
.png)
ਚਿਲਿੰਗ ਸੈਂਟਰਾਂ 'ਚ ਸਪਲਾਈ ਪ੍ਰਭਾਵਿਤ ਅੰਦੋਲਨ ਕਾਰਨ ਵੀਟਾ ਦੇ ਰਾਨੀਆਂ ਸਥਿਤ ਚਿਲਿੰਗ ਸੈਂਟਰ ਵਿਖੇ ਦੁੱਧ ਦੀ ਆਮਦ ਕਾਫ਼ੀ ਘੱਟ ਗਈ ਹੈ। 15 ਹਜ਼ਾਰ ਲੀਟਰ ਦੀ ਸਮਰੱਥਾ ਵਾਲੇ ਇਸ ਸੈਂਟਰ 'ਚ ਰੋਜ਼ਾਨਾ ਦੀ ਸਪਲਾਈ ਘਟ ਕੇ 4100 ਤੋਂ 4200 ਲੀਟਰ ਦੇ ਆਸ-ਪਾਸ ਰਹਿ ਗਈ ਹੈ। ਕਿਸਾਨ ਆਗੂ ਜਸਵੀਰ ਭਾਟੀ, ਹੰਸਰਾਜ, ਹਰਪ੍ਰੀਤ ਅਤੇ ਸੁਰਜੀਤ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਇਸ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਕੋਈ ਗੱਲਬਾਤ ਨਹੀਂ ਕੀਤੀ, ਜਿਸ ਕਰਕੇ ਹੁਣ ਆਰ-ਪਾਰ ਦੀ ਲੜਾਈ 17 ਅਕਤੂਬਰ ਤੋਂ ਲੜੀ ਜਾਵੇਗੀ।

