ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜੁਨਿੰਦਰ ਜੋਸ਼ੀ ਅਤੇ ਗੁਰਵਿੰਦਰ ਕੌਰ ਨੇ ਮਾਰੀ ਬਾਜ਼ੀ, ਜਿੱਤੇ ਪਹਿਲੇ ਸਥਾਨ

 ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜੁਨਿੰਦਰ ਜੋਸ਼ੀ ਅਤੇ ਗੁਰਵਿੰਦਰ ਕੌਰ ਨੇ ਮਾਰੀ ਬਾਜ਼ੀ, ਜਿੱਤੇ ਪਹਿਲੇ ਸਥਾਨ

ਬਰਨਾਲਾ, 3 ਅਕਤੂਬਰ- ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ 2026 - ਸੀਜ਼ਨ 04' ਦੇ ਤਹਿਤ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਬਰਨਾਲਾ ਜ਼ਿਲ੍ਹੇ ਦੇ ਖਿਡਾਰੀਆਂ ਵੱਲੋਂ ਵੱਖ-ਵੱਖ ਈਵੈਂਟਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਸਰਕਾਰੀ ਕਰਮਚਾਰੀਆਂ ਵੱਲੋਂ ਵੀ ਇਹਨਾਂ ਖੇਡਾਂ ਵਿੱਚ ਰੂਚੀ ਵਿਖਾਈ ਜਾ ਰਹੀ ਹੈ। 

ਅੱਜ ਸਥਾਨਕ ਸਰਵਹਿਤਕਾਰੀ ਸਕੂਲ ਵਿਖੇ ਹੋਏ ਸ਼ਤਰੰਜ (ਚੈੱਸ) ਮੁਕਾਬਲਿਆਂ ਵਿੱਚ ਲੋਕ ਸੰਪਰਕ ਵਿਭਾਗ, ਬਰਨਾਲਾ ਦੇ ਸੀਨੀਅਰ ਸਹਾਇਕ ਸ੍ਰੀ ਜੁਨਿੰਦਰ ਜੋਸ਼ੀ ਨੇ 41 ਤੋਂ 50 ਸਾਲ ਉਮਰ ਵਰਗ ਵਿੱਚ ਭਾਗ ਲਿਆ। ਉਨ੍ਹਾਂ ਨੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਸ਼ਤਰੰਜ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ।

ਇਸੇ ਤਰ੍ਹਾਂ ਅੱਜ ਐਲਾਨੇ ਗਏ 51 ਤੋਂ 60 ਸਾਲ ਉਮਰ ਵਰਗ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਖੇਡ ਵਿਭਾਗ, ਬਰਨਾਲਾ ਦੀ ਵੇਟ ਲਿਫਟਿੰਗ ਕੋਚ ਸ੍ਰੀਮਤੀ ਗੁਰਵਿੰਦਰ ਕੌਰ ਨੇ ਭਾਗ ਲਿਆ। ਉਨ੍ਹਾਂ ਨੇ ਸ਼ਾਟ ਪੁੱਟ (ਗੋਲਾ ਸੁੱਟਣ) ਅਤੇ ਡਿਸਕਸ ਥਰੋ ਈਵੈਂਟਸ ਵਿੱਚ ਆਪਣੀ ਤਾਕਤ ਅਤੇ ਤਕਨੀਕ ਦਾ ਲੋਹਾ ਮਨਵਾਉਂਦਿਆਂ ਦੋਵਾਂ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਨ੍ਹਾਂ ਜੇਤੂ ਖਿਡਾਰੀਆਂ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ 'ਤੇ ਜ਼ਿਲ੍ਹਾ ਪ੍ਰਸ਼ਾਸਨ, ਖੇਡ ਪ੍ਰੇਮੀਆਂ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਹ ਜਿੱਤਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਖੇਡਣ ਦਾ ਜਜ਼ਬਾ ਅਤੇ ਲਗਨ ਉਮਰ ਦੇ ਹਰ ਪੜਾਅ 'ਤੇ ਕਾਇਮ ਰਹਿੰਦੀ ਹੈ।

ਇਸ ਮੌਕੇ ਚੈੱਸ ਐਸੋਸੀਏਸ਼ਨ ਦੇ ਮੈਂਬਰ ਸੌਰਵ ਗੋਇਲ, ਰਾਹੁਲ ਜਿੰਦਲ, ਹਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਮੋਹਿਤ ਬਾਂਸਲ, ਜਤਿੰਦਰ ਜੋਸ਼ੀ, ਆਸ਼ੂਤੋਸ਼ ਕੌਸ਼ਲ, ਰਾਹੁਲ ਗਰਗ ਵੀ ਹਾਜਰ ਸਨ।