ਪਰਵਿੰਦਰ ਸਿੰਘ ਝੋਟਾ ਨੂੰ ਪੰਜਾਬ ਵਿਧਾਨ ਸਭਾ 'ਚ ਦਿੱਤੀ ਗਈ ਸ਼ਰਧਾਂਜਲੀ; CBI ਨੇ ਪਰਿਵਾਰ ਤੋਂ ਕੀਤੀ ਪੁੱਛਗਿੱਛ

ਪਰਵਿੰਦਰ ਸਿੰਘ ਝੋਟਾ ਨੂੰ ਪੰਜਾਬ ਵਿਧਾਨ ਸਭਾ 'ਚ ਦਿੱਤੀ ਗਈ ਸ਼ਰਧਾਂਜਲੀ; CBI ਨੇ ਪਰਿਵਾਰ ਤੋਂ ਕੀਤੀ ਪੁੱਛਗਿੱਛ

ਮਾਨਸਾ / ਚੰਡੀਗੜ੍ਹ:

ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਅੱਜ ਪੰਜਾਬ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ। ਸਦਨ ਦੀ ਕਾਰਵਾਈ ਦੌਰਾਨ ਸਪੀਕਰ ਅਤੇ ਸਮੂਹ ਵਿਧਾਇਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਯਾਦ ਕੀਤਾ।

ਦੂਜੇ ਪਾਸੇ, ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. (CBI) ਦੀ ਟੀਮ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਕੇਂਦਰੀ ਜਾਂਚ ਏਜੰਸੀ ਨੇ ਮਾਨਸਾ ਦੇ ਰੈਸਟ ਹਾਊਸ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ, ਮਾਤਾ ਅਮਰਜੀਤ ਕੌਰ ਅਤੇ ਪਤਨੀ ਮਨਪ੍ਰੀਤ ਕੌਰ ਤੋਂ ਕਰੀਬ ਇੱਕ ਘੰਟਾ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਪਰਿਵਾਰ ਨਾਲ ਸੀ.ਬੀ.ਆਈ. ਦੀ ਇਹ ਦੂਜੀ ਮੁਲਾਕਾਤ ਸੀ। ਇਸ ਤੋਂ ਇਲਾਵਾ ਸੀ.ਬੀ.ਆਈ. ਦੀ ਇੱਕ ਟੀਮ ਮੁੱਖ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਅਤੇ ਉਸ ਨੂੰ ਭਜਾਉਣ ਵਿੱਚ ਮਦਦ ਕਰਨ ਵਾਲੇ ਵਿਪਿਨ ਕੁਮਾਰ ਦੇ ਘਰ ਵੀ ਪਹੁੰਚੀ, ਜਿੱਥੇ ਆਸ-ਪਾਸ ਦੇ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ।

ਮੁਲਜ਼ਮਾਂ ਦਾ ਰਿਮਾਂਡ ਖ਼ਤਮ, ਅੱਜ ਅਦਾਲਤ 'ਚ ਪੇਸ਼ੀ

ਮੁਲਜ਼ਮ ਅਸ਼ਵਨੀ ਕੁਮਾਰ, ਉਸ ਦੀ ਪਤਨੀ ਨੀਲਮ ਅਤੇ ਸਾਥੀ ਵਿਪਿਨ ਕੁਮਾਰ ਦਾ ਪੁਲਿਸ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ। ਪੁਲਿਸ ਅਤੇ ਸੀ.ਬੀ.ਆਈ. ਵੱਲੋਂ ਅੱਜ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪ੍ਰੋਡਕਸ਼ਨ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ।

10 ਦਿਨ ਬਾਅਦ ਵੀ ਨਹੀਂ ਹੋਇਆ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ

ਕਤਲ ਦੇ 10 ਦਿਨ ਬੀਤ ਜਾਣ ਦੇ ਬਾਵਜੂਦ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਹੀਂ ਹੋ ਸਕਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਰੱਖੀ ਹੋਈ ਹੈ। ਪਰਿਵਾਰ ਅਤੇ ਇਨਸਾਫ਼ ਐਕਸ਼ਨ ਕਮੇਟੀ ਮੁੱਖ ਮੰਤਰੀ ਅਤੇ ਡੀ.ਜੀ.ਪੀ. ਦੇ ਅਸਤੀਫ਼ੇ ਸਮੇਤ ਆਪਣੀਆਂ ਮੰਗਾਂ 'ਤੇ ਅੜੀ ਹੋਈ ਹੈ।

ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਤਿੰਨ ਮਹਿਲਾ ਆਈ.ਏ.ਐੱਸ. (IAS) ਅਧਿਕਾਰੀਆਂ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਅਤੇ ਐਕਸ਼ਨ ਕਮੇਟੀ ਵਿਚਾਲੇ ਦੂਜੇ ਗੇੜ ਦੀ ਮੀਟਿੰਗ ਹੋਈ, ਜੋ ਅੰਤਿਮ ਸਹਿਮਤੀ ਨਾ ਬਣਨ ਕਾਰਨ ਬੇਸਿੱਟਾ ਰਹੀ। ਐੱਸ.ਆਈ.ਟੀ. ਮੈਂਬਰ ਆਈ.ਏ.ਐੱਸ. ਅਧਿਕਾਰੀ ਅਪਨੀਤ ਰਿਆਤ ਅਨੁਸਾਰ 14 ਵਿੱਚੋਂ ਕਈ ਮੰਗਾਂ 'ਤੇ ਸਹਿਮਤੀ ਬਣ ਚੁੱਕੀ ਹੈ ਅਤੇ ਸੀ.ਬੀ.ਆਈ. ਜਾਂਚ ਸ਼ੁਰੂ ਹੋ ਚੁੱਕੀ ਹੈ, ਜਦਕਿ ਬਾਕੀ ਮੰਗਾਂ 'ਤੇ ਕਮੇਟੀ ਆਪਣੀ ਅੰਦਰੂਨੀ ਬੈਠਕ ਤੋਂ ਬਾਅਦ ਮੁੜ ਗੱਲਬਾਤ ਕਰੇਗੀ।

image (4)

ਸਿੱਖ ਅਜਾਇਬ ਘਰ 'ਚ ਲੱਗੇਗੀ ਝੋਟੇ ਦੀ ਤਸਵੀਰ: ਜੱਥੇਦਾਰ ਗਿਆਨੀ ਟੇਕ ਸਿੰਘ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਟੇਕ ਸਿੰਘ ਧਨੌਲਾ ਨੇ ਅੱਜ ਮਾਨਸਾ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ ਅਤੇ ਧਰਨੇ ਵਿੱਚ ਸ਼ਾਮਲ ਹੋ ਕੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ।

ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਸਿੱਖ ਕੌਮ ਦੇ ਸ਼ਹੀਦ ਹਨ, ਜਿਨ੍ਹਾਂ ਨੇ ਸਮਾਜ ਸੁਧਾਰ ਲਈ ਆਪਣੀ ਸ਼ਹਾਦਤ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਝੋਟੇ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ ਅਤੇ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਉਨ੍ਹਾਂ ਦੀ ਅੰਤਿਮ ਅਰਦਾਸ ਕਰਵਾਉਣ ਦਾ ਫ਼ੈਸਲਾ ਲਿਆ ਜਾ ਰਿਹਾ ਹੈ।

Related Posts