‘ਸੋਨੀਆ ਗਾਂਧੀ ਨੇ ਸੱਦਾ ਦਿੱਤਾ ਸੀ, ਇਸੇ ਲਈ ਆਇਆ ਹਾਂ’: ਕੈਪਟਨ ਅਮਰਿੰਦਰ ਨੇ ਕਾਂਗਰਸ 'ਚ ਵਾਪਸੀ ਦੀਆਂ ਅਟਕਲਾਂ ਨੂੰ ਕੀਤਾ ਖ਼ਾਰਜ

‘ਸੋਨੀਆ ਗਾਂਧੀ ਨੇ ਸੱਦਾ ਦਿੱਤਾ ਸੀ, ਇਸੇ ਲਈ ਆਇਆ ਹਾਂ’: ਕੈਪਟਨ ਅਮਰਿੰਦਰ ਨੇ ਕਾਂਗਰਸ 'ਚ ਵਾਪਸੀ ਦੀਆਂ ਅਟਕਲਾਂ ਨੂੰ ਕੀਤਾ ਖ਼ਾਰਜ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ ਵਿਖੇ ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਦੇ ਰਿਲੀਜ਼ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਕਾਂਗਰਸ ਵਿੱਚ ਵਾਪਸੀ ਦੀਆਂ ਸਾਰੀਆਂ ਅਟਕਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਪੜ੍ਹੋ ਪੂਰੀ ਖ਼ਬਰ।

ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਪੁਸਤਕ ‘ਬਿਲੌਂਗਿੰਗ: ਏ ਜਰਨੀ ਆਫ ਲਵ’ (Belonging: A Journey of Love) ਦੇ ਰਿਲੀਜ਼ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਨੂੰ ਲੈ ਕੇ ਛਿੜੀ ਸਿਆਸੀ ਚਰਚਾ ’ਤੇ ਵਿਸਥਾਰਪੂਰਵਕ ਸਫ਼ਾਈ ਦਿੱਤੀ ਹੈ। ਨਵੀਂ ਦਿੱਲੀ ਦੇ ਹੋਟਲ ਆਈ.ਟੀ.ਸੀ. ਮੌਰਿਆ ਵਿਖੇ ਹੋਏ ਇਸ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਨਿੱਜੀ ਸੱਦੇ ’ਤੇ ਹੀ ਇੱਥੇ ਪਹੁੰਚੇ ਹਨ।

ਆਪਣੀ ਹਾਜ਼ਰੀ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ, ‘‘ਮੈਨੂੰ ਖ਼ੁਦ ਸੋਨੀਆ ਗਾਂਧੀ ਜੀ ਨੇ ਸੱਦਾ ਦਿੱਤਾ ਸੀ, ਇਸੇ ਲਈ ਮੈਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਆਇਆ ਹਾਂ।’’

‘ਨਿੱਜੀ ਸਮਾਗਮ ਵਿੱਚ ਸਿਆਸਤ ਕਿੱਥੋਂ ਆ ਗਈ?’ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਗਲਿਆਰਿਆਂ ਵਿੱਚ ਲੱਗ ਰਹੀਆਂ ‘ਘਰ ਵਾਪਸੀ’ ਦੀਆਂ ਅਟਕਲਾਂ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕੈਪਟਨ ਨੇ ਸਵਾਲ ਕੀਤਾ, ‘‘ਇਹ ਕਿੱਥੇ ਲਿਖਿਆ ਹੈ ਕਿ ਕਿਸੇ ਇੱਕ ਸਿਆਸੀ ਪਾਰਟੀ ਨਾਲ ਸਬੰਧਤ ਵਿਅਕਤੀ ਦੂਜੀ ਪਾਰਟੀ ਦੇ ਆਗੂ ਦੇ ਸਮਾਜਿਕ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਦਾ? ਦੁਨੀਆ ਦੇ ਕਈ ਦੇਸ਼ਾਂ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਆਗੂ ਸਮਾਜਿਕ ਤੌਰ ’ਤੇ ਮਿਲਦੇ-ਜੁਲਦੇ ਹਨ।’’

ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਿੱਧਾ ਸਵਾਲ ਕੀਤਾ ਕਿ ਕੀ ਉਹ ਮੁੜ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਹੇ ਹਨ, ਤਾਂ ਉਨ੍ਹਾਂ ਸਪੱਸ਼ਟ ‘ਨਹੀਂ’ ਵਿੱਚ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇੱਕ ਨਿੱਜੀ ਤੇ ਸਮਾਜਿਕ ਸਮਾਗਮ ਹੈ, ਇਸ ਵਿੱਚ ਸਿਆਸੀ ਮੁੱਦੇ ਕਿੱਥੋਂ ਆ ਗਏ। ਕੈਪਟਨ ਨੇ ਇਹ ਵੀ ਦੱਸਿਆ ਕਿ ਕਾਂਗਰਸ ਵੱਲੋਂ ਕਿਸੇ ਨੇ ਵੀ ਉਨ੍ਹਾਂ ਨਾਲ ਪਾਰਟੀ ਵਿੱਚ ਵਾਪਸੀ ਬਾਰੇ ਕੋਈ ਗੱਲ ਨਹੀਂ ਕੀਤੀ ਹੈ।

ਗਾਂਧੀ ਪਰਿਵਾਰ ਨਾਲ ਪੁਰਾਣੀ ਸਾਂਝ ਦਾ ਕੀਤਾ ਜ਼ਿਕਰ ਗਾਂਧੀ ਪਰਿਵਾਰ ਨਾਲ ਆਪਣੇ ਦਹਾਕਿਆਂ ਪੁਰਾਣੇ ਪਰਿਵਾਰਕ ਸਬੰਧਾਂ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੋਨੀਆ ਗਾਂਧੀ ਖ਼ੁਦ ਵੀ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਦੀ ਰਿਲੀਜ਼ ਮੌਕੇ ਸ਼ਾਮਲ ਹੋਏ ਸਨ। ਉਨ੍ਹਾਂ ਸੋਨੀਆ ਗਾਂਧੀ ਦੀ ਇਸ ਨਵੀਂ ਪੁਸਤਕ ਦੀ ਸ਼ਲਾਘਾ ਕਰਦਿਆਂ ਇਸ ਨੂੰ ਇੱਕ ‘ਬਹੁਤ ਵਧੀਆ ਕਿਤਾਬ’ ਦੱਸਿਆ।

ਰਾਹੁਲ ਗਾਂਧੀ ਨੇ ਸਟੇਜ ਤੋਂ ਸਾਂਝਾ ਕੀਤਾ ਪੁਰਾਣਾ ਕਿੱਸਾਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਕੈਪਟਨ ਅਮਰਿੰਦਰ ਸਿੰਘ ਪਹਿਲੀ ਕਤਾਰ ਵਿੱਚ ਬੈਠੇ ਨਜ਼ਰ ਆਏ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਕੈਪਟਨ ਦੀ ਮੌਜੂਦਗੀ ਦਾ ਵਿਸ਼ੇਸ਼ ਜ਼ਿਕਰ ਕੀਤਾ। ਰਾਹੁਲ ਗਾਂਧੀ ਨੇ ਇੱਕ ਪੁਰਾਣਾ ਪਰਿਵਾਰਕ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ (ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ) ਨੂੰ ਜ਼ਿੰਦਗੀ ਵਿੱਚ ਸਿਰਫ਼ ਇੱਕ ਵਾਰ ਲੜਦੇ ਦੇਖਿਆ ਸੀ, ਅਤੇ ਇਤਫ਼ਾਕ ਨਾਲ ਉਸ ਵੇਲੇ ਉਨ੍ਹਾਂ ਦੇ ਪਿਤਾ ਫ਼ੋਨ ’ਤੇ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਗੱਲ ਕਰ ਰਹੇ ਸਨ।

ਦੱਸ ਦੇਈਏ ਕਿ 2021 ਵਿੱਚ ਕਾਂਗਰਸ ਤੋਂ ਵੱਖ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਬਣਾਈ ਸੀ ਅਤੇ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਸਨ। ਹਾਲਾਂਕਿ, ਗਾਂਧੀ ਪਰਿਵਾਰ ਨਾਲ ਉਨ੍ਹਾਂ ਦੀ ਨਿੱਜੀ ਨੇੜਤਾ ਅੱਜ ਵੀ ਬਰਕਰਾਰ ਹੈ।caption amrinder singh - Copy