ਵਿਸ਼ਵ ਅਬਾਦੀ ਦਿਵਸ ਮੌਕੇ ਕਰਵਾਈਆਂ ਜਾਗਰੂਕਤਾ ਗਤੀਵਿਧੀਆਂ

ਵਿਸ਼ਵ ਅਬਾਦੀ ਦਿਵਸ ਮੌਕੇ ਕਰਵਾਈਆਂ ਜਾਗਰੂਕਤਾ ਗਤੀਵਿਧੀਆਂ

ਮਹਿਲ ਕਲਾਂ, 12 ਜੁਲਾਈ
 ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਅਤੇ ਐਸ.ਐਮ.ਓ ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਵਿਸ਼ਵ ਅਬਾਦੀ ਦਿਵਸ ਮੌਕੇ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਵਿਸ਼ਵ ਅਬਾਦੀ ਦਿਵਸ ਹਰ ਸਾਲ ਦੁਨੀਆਂ ਵਿੱਚ ਵੱਧ ਰਹੀ ਅਬਾਦੀ ਅਤੇ ਇਸ ਕਰਕੇ ਪੈਦਾ ਹੋ ਰਹੀਆਂ ਚੁਣੌਤੀਆਂ ਅਤੇ ਸਮਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਵਧਦੀ ਆਬਾਦੀ ਨੂੰ ਕਾਬੂ ਕਰਨ ਦੇ ਉਪਾਵਾਂ ਬਾਰੇ ਚਰਚਾ ਕਰਨ ਲਈ ਮਨਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਵਿਸ਼ਵ ਅਬਾਦੀ ਦਿਵਸ, "ਮਾਂ ਬਣਨ ਦੀ ਉਮਰ ਉਹੀ ਜਦੋਂ ਸਰੀਰ ਅਤੇ ਮਨ ਦੀ ਤਿਆਰੀ ਹੋਵੇ ਸਹੀ" ਥੀਮ ਤਹਿਤ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਔਰਤਾਂ ਨੂੰ ਸਿੱਖਿਅਤ, ਸੁਤੰਤਰ ਬਣਾਉਣਾ, ਜਨਸੰਖਿਆ ਕੰਟਰੋਲ ਕਰਨ ਵਿੱਚ ਸਭ ਤੋਂ ਵੱਧ ਸਹਾਈ ਹੋ ਸਕਦਾ ਹੈ ਕਿਉਂਕਿ ਇੱਕ ਪੜ੍ਹੀ—ਲਿਖੀ ਔਰਤ ਆਪਣੇ ਫਰਜ਼ਾਂ ਤੇ ਅਧਿਕਾਰਾਂ ਪ੍ਰਤੀ ਜਾਣੂ ਹੋਵੇਗੀ ਅਤੇ ਆਪਣੇ ਸਮਾਜ ਅਤੇ ਪਰਿਵਾਰ ਦੀ ਭਲਾਈ ਲਈ ਪਰਿਵਾਰ ਨਿਯੋਜਨ ਨੂੰ ਅਪਣਾ ਕੇ ਆਬਾਦੀ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕੇਗੀ।
ਇਸ ਮੌਕੇ ਪਿੰਡ ਮਹਿਲ ਕਲਾਂ ਵਿਖੇ ਜਾਗਰੂਕਤਾ ਕੈਂਪ ਦੌਰਾਨ ਸੀ.ਐਚ. ਓ ਸੁਖਦੀਪ ਕੌਰ ਨੇ ਆਬਾਦੀ ਕੰਟਰੋਲ ਲਈ ਪਰਿਵਾਰ ਨਿਯੋਜਨ ਦੇ ਵੱਖ—ਵੱਖ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਵਿਸ਼ਵ ਆਬਾਦੀ ਦਿਵਸ ਦੋ ਪੰਦਰਵਾੜਿਆਂ ਵਿੱਚ ਮਨਾਇਆ ਜਾਂਦਾ ਹੈ। ਇਹਨਾਂ ਪੰਦਰਵਾੜਿਆਂ ਦੌਰਾਨ ਪਰਿਵਾਰ ਨਿਯੋਜਨ ਦੇ ਵੱਖ—ਵੱਖ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਅਤੇ ਦੋ ਬੱਚਿਆਂ ਦੇ ਜਨਮ ਦਰਮਿਆਨ ਵਾਜਬ ਵਕਫੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਇਸ ਮੌਕੇ ਸਰਪੰਚ ਕਿਰਨਾ ਰਾਣੀ, ਏ ਐਨ ਐਮ, ਮੇਲ ਵਰਕਰ, ਆਸ਼ਾ ਵਰਕਰਾਂ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।