ਸਿਹਤ ਮੰਤਰੀ ਵੱਲੋਂ ਐਸ.ਸੀ. ਭਾਈਚਾਰੇ ਦੇ 38 ਲਾਭਪਾਤਰੀਆਂ ਨੂੰ ਕਰੀਬ 40 ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਦਾ ਲਾਭ ਪ੍ਰਦਾਨ
ਪਟਿਆਲਾ, 12 ਜੁਲਾਈ :
ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਡਾਕਟਰੀ ਇਲਾਜ ਨਗਦੀ ਰਹਿਤ (ਕੈਸ਼ਲੈੱਸ ਟਰੀਟਮੈਂਟ) ਕਰਵਾਉਣ ਦੀ ਸਹੂਲਤ 2 ਅਕਤੂਬਰ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਇਹ ਪ੍ਰਗਟਾਵਾਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਦੇ ਐਸ.ਸੀ. ਭਾਈਚਾਰੇ ਦੇ 39 ਲਾਭਪਾਤਰੀਆਂ ਨੂੰ ਕਰੀਬ 40 ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਪ੍ਰਦਾਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਕਰਜ਼ੇ ਮੁਆਫ਼ ਕਰਕੇ ਗਰੀਬ ਪਰਿਵਾਰਾਂ ਦੀ ਬਾਂਹ ਫੜਨ ਦਾ ਵੱਡਾ ਉਪਰਾਲਾ ਕੀਤਾ ਹੈ, ਜਿਸ ਨਾਲ ਇਹ ਲਾਭਪਾਤਰੀ ਪਰਿਵਾਰ ਹੁਣ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਣਗੇ ਅਤੇ ਆਰਥਿਕ ਤੌਰ ‘ਤੇ ਖੁਦਮੁਖਤਾਰ ਬਣ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਹੋਰ ਇਤਿਹਾਸਕ ਫੈਸਲਾ ਲਿਆ ਗਿਆ ਹੈ, ਜਿਸ ਤਹਿਤ 2 ਅਕਤੂਬਰ ਤੋਂ ਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਸਿਹਤ ਕਾਰਡ ਦਿੱਤਾ ਜਾਵੇਗਾ ਜਿਸ ਨਾਲ ਉਹ ਆਪਣਾ 10 ਲੱਖ ਰੁਪਏ ਤੱਕ ਦਾ ਇਲਾਜ ਵੀ ਮੁਫ਼ਤ ਕਰਵਾ ਸਕਣਗੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ 400 ਲਾਭਪਾਤਰੀਆਂ ਨੂੰ 4 ਕਰੋੜ 83 ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਦਾ ਲਾਭ ਮਿਲਿਆ ਹੈ ਅਤੇ ਇਸ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ, ਜਿਸ ਨੇ ਇਸ ਭਾਈਚਾਰੇ ਦੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਐਸ.ਸੀ. ਭਾਈਚਾਰੇ ਨਾਲ ਸੰਬੰਧਤ ਪਰਿਵਾਰਾਂ ਵੱਲੋ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤੋਂ ਲਏ ਗਏ ਕਰਜ਼ਿਆਂ ਨੂੰ ਮਾਫ ਕਰਕੇ ਇਕ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡਦਿਆਂ ਕਿਹਾ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਲੋੜਵੰਦ ਲੋਕਾਂ ਦੀ ਮਦਦ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਐਸ.ਸੀ ਭਾਈਚਾਰੇ ਵੱਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੇ ਕਰਜ਼ੇ ਮਾਫ ਕੀਤੇ ਜਾਣ, ਕਿਉਂਕਿ ਹੜਾਂ, ਬਿਮਾਰੀਆਂ ਅਤੇ ਆਰਥਿਕ ਕਮਜ਼ੋਰੀ ਕਾਰਨ ਬਹੁਤ ਸਾਰੇ ਪਰਿਵਾਰ ਉਕਤ ਕਰਜ਼ੇ ਅਦਾ ਕਰਨ ਤੋਂ ਅਸਮਰੱਥ ਸਨ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਕੁਲਵਿੰਦਰ ਕੌਰ, ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਪਟਿਆਲਾ ਵੱਲੋਂ ਜ਼ਿਲ੍ਹਾ ਮੈਨੇਜਰ ਮੰਜੂ ਬਾਲਾ ਵੀ ਹਾਜ਼ਰ ਸਨ। ਜ਼ਿਲ੍ਹਾ ਮੈਨੇਜਰ ਮੰਜੂ ਬਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 31 ਮਾਰਚ 2020 ਤੱਕ ਦੇ ਸਾਰੇ ਕਰਜ਼ਾ ਕੇਸਾਂ ਵਿੱਚ ਕਰਜ਼ਾ ਮੁਆਫੀ ਕਰ ਦਿੱਤੀ ਗਈ ਹੈ।
ਇਸ ਮੌਕੇ ਕੌਸਲਰ ਜਸਬੀਰ ਗਾਂਧੀ, ਜੈ ਸ਼ੰਕਰ ਸ਼ਰਮਾ, ਸੁਰੇਸ਼ ਰਾਏ ਅਤੇ ਵੱਡੀ ਗਿਣਤੀ ਵਿਚ ਲਾਭਪਾਤਰੀ ਮੌਜੂਦ ਸਨ।