ਫਾਜ਼ਿਲਕਾ ਸੈਕਟਰ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖਰੇਖ ਹੇਠ ਫੌਜ ਵੱਲੋਂ ਰਾਹਤ ਕਾਰਜ ਜਾਰੀ
ਫਾਜ਼ਿਲਕਾ, 31 ਅਗਸਤ –
ਪੰਜਾਬ ਦੇ ਹੜ੍ਹ-ਪ੍ਰਭਾਵਿਤ ਫਾਜ਼ਿਲਕਾ ਸੈਕਟਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਫੌਜ ਦੀ ਅਮੋਘ ਡਿਵੀਜ਼ਨ ਦੀ ਟੁਕੜੀ ਵੱਲੋਂ ਰਾਹਤ ਅਤੇ ਬਚਾਅ ਕਾਰਜਾਂ ਨੂੰ ਜਾਰੀ ਰੱਖਿਆ ਗਿਆ ਹੈ। ਇਹ ਕਾਰਜ 28 ਅਗਸਤ ਤੋਂ ਸ਼ੁਰੂ ਹੋਏ ਸਨ ਅਤੇ ਹੁਣ ਤੀਜੇ ਦਿਨ ਵਿੱਚ ਦਾਖਲ ਹੋ ਗਏ ਹਨ। ਇਸ ਦੌਰਾਨ ਭਾਰਤੀ ਫੌਜ ਸਿਵਲ ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫ. ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 700 ਤੋਂ ਵੱਧ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ। ਇਸਦੇ ਨਾਲ ਹੀ ਟੀਮਾਂ ਵੱਲੋਂ ਜ਼ਰੂਰੀ ਸਾਮਾਨ ਪਹੁੰਚਾਉਣ ਅਤੇ ਦਰਜਨਾਂ ਹੜ੍ਹ-ਪ੍ਰਭਾਵਿਤ ਲੋਕਾਂ ਨੂੰ ਫੌਰੀ ਸਹਾਇਤਾ ਮੁਹੱਈਆ ਕਰਵਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਮੁਤਾਬਕ, ਹੁਣ ਧਿਆਨ ਫਸੇ ਹੋਏ ਪਰਿਵਾਰਾਂ ਤੱਕ ਪਹੁੰਚਣ ਅਤੇ ਪਿੰਡਾਂ ਵਿੱਚ ਮੁੜ ਸਥਿਰਤਾ ਲਿਆਉਣ ’ਤੇ ਕੇਂਦ੍ਰਿਤ ਹੈ, ਅਤੇ ਫੌਜ ਇਸ ਵਿਚ ਸਹਿਯੋਗ ਕਰ ਰਹੀ ਹੈ। ਅਮੋਘ ਡਿਵੀਜ਼ਨ ਟੁਕੜੀ ਲੋਕਾਂ ਦੀ ਸੁਰੱਖਿਆ ਅਤੇ ਸਹਾਇਤਾ ਯਕੀਨੀ ਬਣਾਉਣ ਲਈ ਚੌਵੀ ਘੰਟੇ ਤਾਇਨਾਤ ਹਨ।