ਦਰਿਆਈ ਪਾਣੀ ਨਾਲ ਪ੍ਰਭਾਵਿਤ ਲੋਕਾਂ ਦਾ ਸਹਾਰਾ ਬਣੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ
ਪੱਟੀ (ਤਰਨ ਤਾਰਨ), 30 ਅਗਸਤ:
ਵਿਧਾਨ ਸਭਾ ਹਲਕਾ ਪੱਟੀ ਦੇ ਦਰਿਆਈ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਜਿੱਥੇ ਲੋਕ ਬੇਘਰ ਹੋ ਗਏ, ਜ਼ਿੰਦਗੀਆਂ ਉਥਲ-ਪੁਥਲ ਹੋ ਗਈਆਂ ਅਤੇ ਪਸ਼ੂਆਂ ਦੀ ਚਰਾਈ ਰੁੱਕ ਗਈ, ਉੱਥੇ ਕੈਬਨਿਟ ਮੰਤਰੀ ਸ੍ਰ. ਲਾਲਜੀਤ ਸਿੰਘ ਭੁੱਲਰ ਲਗਾਤਾਰ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ।
ਪਿੰਡ ਕੋਟ ਬੁੱਢਾ, ਭੋਜੋਕੇ, ਝੁੱਗੀਆਂ ਪੀਰ ਬਖ਼ਸ਼, ਰਾਦਲਕੇ, ਰਾਮ ਸਿੰਘ ਵਾਲਾ ਅਤੇ ਰਸੂਲਪੁਰ ਸਮੇਤ ਧੁੱਸੀ ਬੰਨ੍ਹ ਨਾਲ ਲੱਗਦੇ ਕਈ ਪਿੰਡਾਂ ਵਿੱਚ ਕੈਬਿਨੇਟ ਮੰਤਰੀ ਭੁੱਲਰ ਨੇ ਸੁੱਕਾ ਰਾਸ਼ਨ, ਖਾਣ-ਪੀਣ ਦੀਆਂ ਲੋੜੀਂਦੀਆਂ ਵਸਤੂਆਂ ਅਤੇ ਪਸ਼ੂਆਂ ਲਈ ਚਾਰਾ, ਫੀਡ ਤੇ ਚੋਕਰ ਵੰਡਿਆ।
ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ “ਕੋਈ ਵੀ ਪਰਿਵਾਰ ਰਾਸ਼ਨ ਤੋਂ ਬਿਨਾਂ ਨਹੀਂ ਰਹੇਗਾ। ਮਨੁੱਖਾਂ ਲਈ ਖੁਰਾਕ ਦੇ ਨਾਲ ਜਾਨਵਰਾਂ ਲਈ ਚਾਰਾ ਅਤੇ ਆਚਾਰ ਵੀ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਇਹ ਘੜੀ ਔਖੀ ਹੈ, ਪਰ ਪੂਰਾ ਪੰਜਾਬ ਇਕੱਠੇ ਹੋ ਕੇ ਇਸ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ।”
ਸ੍ਰ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੀੜਤ ਲੋਕਾਂ ਦੇ ਨਾਲ ਖੜੀ ਹੈ ਅਤੇ ਹੋਏ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ, ਪ੍ਰਸ਼ਾਸਨ, ਸਮਾਜਿਕ ਸੰਗਠਨ ਅਤੇ ਆਮ ਲੋਕ ਸਾਰੇ ਮਿਲ ਕੇ ਵੱਡੇ ਪੱਧਰ ‘ਤੇ ਮਦਦ ਕਰ ਰਹੇ ਹਨ।
ਉਨ੍ਹਾਂ ਅਪੀਲ ਕੀਤੀ ਕਿ ਇਸ ਸਮੇਂ ਹਰ ਕਿਸੇ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। “ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ, ਸਗੋਂ ਮਨੁੱਖਤਾ ਨਿਭਾਉਣ ਦਾ ਹੈ। ਜਦੋਂ ਲੋਕ ਮੁਸ਼ਕਲ ਵਿੱਚ ਹਨ, ਤਾਂ ਸਾਡਾ ਫ਼ਰਜ਼ ਹੈ ਕਿ ਉਨ੍ਹਾਂ ਦੇ ਨਾਲ ਖੜ੍ਹ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰੀਏ।”
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ। ਸ੍ਰ. ਭੁੱਲਰ ਨੇ ਕਿਹਾ ਕਿ ਉਹ ਆਪਣੇ ਟੀਮ ਸਮੇਤ ਲਗਾਤਾਰ ਇਨ੍ਹਾਂ ਪਿੰਡਾਂ ਵਿੱਚ ਮੌਜੂਦ ਹਨ ਅਤੇ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਪੀ.ਏ., ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋ, ਸੋਸ਼ਲ ਮੀਡੀਆ ਇੰਚਾਰਜ ਮੋਹਿਤ ਅਰੋੜਾ, ਚੇਅਰਮੈਨ ਗੁਰਪ੍ਰਿੰਦਰ ਸਿੰਘ ਉੱਪਲ, ਮਨਜੀਤ ਸਿੰਘ ਅਤੇ ਕਈ ਸਰਪੰਚਾਂ ਸਮੇਤ ਪਾਰਟੀ ਆਗੂ ਵੀ ਨਾਲ ਸਨ।