ਪੰਜਾਬ ਸਰਕਾਰ ਵੱਲੋਂ 15 ਕਰੋੜ ਰੁਪਏ ਦੀ ਲਾਗਤ ਨਾਲ ਦਰਿਆਵਾਂ ਦੇ ਕੰਢੇ ਮਜ਼ਬੂਤ ਕਰਨ ਨਾਲ ਹੋਇਆ ਇਲਾਕੇ ਦਾ ਭਾਰੀ ਬਚਾਅ – ਹਰਜੋਤ ਸਿੰਘ ਬੈਂਸ

ਪੰਜਾਬ ਸਰਕਾਰ ਵੱਲੋਂ 15 ਕਰੋੜ ਰੁਪਏ ਦੀ ਲਾਗਤ ਨਾਲ ਦਰਿਆਵਾਂ ਦੇ ਕੰਢੇ ਮਜ਼ਬੂਤ ਕਰਨ ਨਾਲ ਹੋਇਆ ਇਲਾਕੇ ਦਾ ਭਾਰੀ ਬਚਾਅ – ਹਰਜੋਤ ਸਿੰਘ ਬੈਂਸ

ਨੰਗਲ 31 ਅਗਸਤ () – ਪਿਛਲੇ ਕਈ ਸਾਲਾਂ ਤੋਂ ਭਾਖੜਾ ਡੈਮ ਦੇ ਨੇੜਲੇ ਇਲਾਕੇ ਜ਼ਿਲ੍ਹਾ ਰੂਪਨਗਰ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਭਾਰੀ ਬਰਸਾਤ ਦੌਰਾਨ ਪਾਣੀ ਦੀ ਮਾਰ ਨਾਲ ਦਰਜਨਾਂ ਪਿੰਡ ਪ੍ਰਭਾਵਿਤ ਹੋ ਜਾਂਦੇ ਸਨ। ਪ੍ਰੰਤੂ ਇਸ ਵਾਰ ਸਤਲੁਜ ਦਰਿਆ ਨੇੜੇ ਵਸਦੇ ਪਿੰਡਾਂ ਵਿੱਚ ਡੰਗੇ ਲਗਾਉਣ ਅਤੇ ਕੰਡਿਆਂ ਦੀ ਮਜ਼ਬੂਤੀ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ 15 ਕਰੋੜ ਰੁਪਏ ਦੀ ਲਾਗਤ ਨਾਲ ਕੰਢਿਆਂ ਨੂੰ ਮਜ਼ਬੂਤ ਕੀਤਾ ਗਿਆ, ਜਿਸ ਨਾਲ ਇਲਾਕਾ ਹੁਣ ਤੱਕ ਹੜਾਂ ਦੀ ਮਾਰ ਤੋਂ ਬਚਿਆ ਰਿਹਾ ਹੈ

ਇਹ ਪ੍ਰਗਟਾਵਾ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਆਪਣੇ ਲੜੀਵਾਰ ਪ੍ਰੋਗਰਾਮ ਸਾਡਾ ਐਮ.ਐਲ.ਏ ਸਾਡੇ ਵਿੱਚ ਅਧੀਨ ਨੰਗਲ ਦੋ ਆਰ.ਵੀ.ਆਰ ਵਿੱਚ ਹੋਈ ਜਨਤਕ ਮਿਲਣੀ ਦੌਰਾਨ ਕੀਤਾ।

ਉਨ੍ਹਾਂ ਦੱਸਿਆ ਕਿ 31 ਅਗਸਤ ਨੂੰ ਭਾਖੜਾ ਡੈਮ ਦਾ ਪੱਧਰ 1673 ਫੁੱਟ ਹੋਣਾ ਸੀ, ਪਰ ਅਗਾਊਂ ਤਿਆਰੀਆਂ ਕਰਕੇ ਇਹ 1672.62 ਫੁੱਟ ਹੀ ਰਿਹਾ। ਇਹ ਪਹਿਲੀ ਵਾਰ ਹੋਇਆ ਹੈ ਕਿ 30 ਸਾਲਾਂ ਚ' ਸਵਾ ਨਦੀ ਵਿੱਚ ਵਾਰ-ਵਾਰ ਵੱਧ ਪਾਣੀ ਆਉਣ ਦੇ ਬਾਵਜੂਦ ਇਲਾਕੇ ਦੇ ਪਿੰਡ ਵੱਡੇ ਨੁਕਸਾਨ ਤੋਂ ਬਚੇ ਰਹੇ ਹਨ। ਕੇਵਲ ਹਰਸਾ ਬੇਲਾ ਪਿੰਡ ਵਿੱਚ ਕੁਝ ਠੋਕਰਾਂ ਨੂੰ ਨੁਕਸਾਨ ਹੋਇਆ, ਜਿਸ ਦੀ ਪ੍ਰਸ਼ਾਸਨ ਨੇ ਰਾਤੋ-ਰਾਤ ਮੁਰੰਮਤ ਕਰਵਾ ਦਿੱਤੀ ਹੈ ।

ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਸੁਚੇਤ ਹਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਅਫਵਾਹਾਂ ‘ਤੇ ਭਰੋਸਾ ਨਾ ਕਰਨ। ਸਾਰੀਆਂ ਅਧਿਕਾਰਤ ਸੂਚਨਾਵਾਂ ਕੰਟਰੋਲ ਰੂਮ ਅਤੇ ਸਰਕਾਰੀ ਮਾਧਿਅਮਾਂ ਰਾਹੀਂ ਹੀ ਜਾਰੀ ਕੀਤੀਆਂ ਜਾ ਰਹੀਆਂ ਹਨ। ਅਫਵਾਹਾਂ ਕਾਰਨ ਹਫੜਾ-ਦਫੜੀ ਹੁੰਦੀ ਹੈ ਜੋ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ।

ਸ. ਬੈਂਸ ਨੇ ਕਿਹਾ ਕਿ ਪਹਿਲਾਂ ਨੰਗਲ, ਸ਼੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਆਦਿ ਇਲਾਕਿਆਂ ਦੇ ਪਿੰਡ ਹੜਾਂ ਨਾਲ ਹਮੇਸ਼ਾ ਪ੍ਰਭਾਵਿਤ ਹੁੰਦੇ ਸਨ। ਇਸ ਵਾਰ ਭਾਖੜਾ ਡੈਮ ਤੋਂ ਵਾਧੂ ਪਾਣੀ ਸਿਲਸਿਲਾਵਾਰ ਢੰਗ ਨਾਲ ਛੱਡਿਆ ਗਿਆ, ਜਿਸ ਨਾਲ ਪਿੰਡਾਂ ਦੇ ਫਸਲਾਂ ਅਤੇ ਜਾਨ-ਮਾਲ ਨੂੰ ਨੁਕਸਾਨ ਨਹੀਂ ਹੋਇਆ। ਖ਼ਾਸ ਤੌਰ ‘ਤੇ ਹਰਸਾ ਬੇਲਾ ਪਿੰਡ ਵਿੱਚ 4 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਡੰਗੇ ਲਗਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਉਹ ਖੁਦ ਸਵੇਰੇ 6 ਵਜੇ ਡੰਗਿਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹੇ ਅਤੇ ਲੋਕਾਂ ਦੀਆਂ ਸਲਾਹਾਂ ‘ਤੇ ਵੀ ਪੂਰਾ ਧਿਆਨ ਦਿੱਤਾ ਗਿਆ। ਇਸ ਤੋਂ ਇਲਾਵਾ, ਦਸਗਰਾਈ, ਭਲਾਣ , ਨੱਕੀਆਂ ਆਦਿ ਖੱਡਾਂ ਦੀ ਸਫਾਈ, ਡਰੇਨਾਂ ਅਤੇ ਪੁਲੀਆਂ ਵਿੱਚ ਰੁਕਾਵਟਾਂ ਦੂਰ ਕੀਤੀਆਂ ਗਈਆਂ। ਜਿਸ ਕਾਰਨ ਬਾਵਜੂਦ ਵਾਧੂ ਬਰਸਾਤ ਦੇ ਇਲਾਕਾ ਸੁਰੱਖਿਅਤ ਰਿਹਾ।

ਉਨ੍ਹਾਂ ਕਿਹਾ ਕਿ ਸਵਾ ਨਦੀ ਨੇ ਇਸ ਵਾਰ 30–35 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ, ਪਰ ਪਰਮਾਤਮਾ ਦੀ ਕਿਰਪਾ ਨਾਲ ਇਲਾਕਾ ਹੁਣ ਤੱਕ ਸੁਰੱਖਿਅਤ ਹੈ। ਭਾਵੇਂ ਅਗਲੇ ਕੁਝ ਦਿਨਾਂ ਲਈ ਭਾਰੀ ਬਰਸਾਤ ਦੀ ਭਵਿੱਖਬਾਣੀ ਹੈ, ਫਿਰ ਵੀ ਪ੍ਰਬੰਧ ਪੂਰੀ ਤਰ੍ਹਾਂ ਮੁਕਮੰਲ ਕੀਤੇ ਹੋਏ ਹਨ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡਾ ਐਮ.ਐਲ.ਏ ਸਾਡੇ ਵਿੱਚ ਪ੍ਰੋਗਰਾਮ ਦਾ ਮੰਤਵ ਲੋਕਾਂ ਨੂੰ ਦਫਤਰਾਂ ਵਿੱਚ ਹੋਣ ਵਾਲੀ ਖੱਜਲਖੁਆਰੀ ਤੋਂ ਬਚਾਉਣਾ ਹੈ। ਲੋਕ ਜਦੋਂ ਸਮੱਸਿਆ ਲੈ ਕੇ ਆਉਂਦੇ ਹਨ ਤਾਂ ਅਧਿਕਾਰੀਆਂ ਨੂੰ ਤੁਰੰਤ ਹਦਾਇਤ ਦੇ ਕੇ ਹੱਲ ਕਰਵਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ "ਜਨ ਸੁਣਵਾਈ ਕੈਂਪ – ਸਰਕਾਰ ਤੁਹਾਡੇ ਦੁਆਰ" ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਰਾਹੀਂ ਲੋਕਾਂ ਨਾਲ ਮਿਲਣ-ਜੁਲਣ ਕਰਕੇ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ ਹੈ।

ਸ. ਬੈਂਸ ਨੇ ਕਿਹਾ ਕਿ ਹਾਲਾਂਕਿ ਸ਼੍ਰੀ ਅਨੰਦਪੁਰ ਸਾਹਿਬ ਹਲਕਾ ਸੁਰੱਖਿਅਤ ਹੈ, ਪਰ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਹੜਾਂ ਕਾਰਨ ਵੱਡੀ ਮਾਰ ਪਈ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਮਾਜ ਸੇਵੀ ਸੰਗਠਨਾਂ ਨਾਲ ਮਿਲ ਕੇ ਰਸਦ ਤੇ ਸਹਾਇਤਾ ਪ੍ਰਭਾਵਿਤ ਖੇਤਰਾਂ ਵੱਲ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਹੜਾਂ ਤੋਂ ਬਾਅਦ ਜੀਵਨ ਨੂੰ ਪਟੜੀ ‘ਤੇ ਲਿਆਉਣ ਵੀ ਬਹੁਤ ਜ਼ਰੂਰੀ ਹੈ, ਜਿਸ ਲਈ ਵਰਕਰਾਂ ਨੂੰ ਸੇਵਾ-ਭਾਵ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ।

ਇਸ ਮੌਕੇ ਡਾ. ਸੰਜੀਵ ਗੌਤਮ (ਚੇਅਰਮੈਨ, ਸ੍ਰੀ ਗੁਰੂ ਰਵਿਦਾਸ ਆਯੁਰਵੇਦਿਕ ਯੂਨੀਵਰਸਿਟੀ), ਦੀਪਕ ਸੋਨੀ (ਮੀਡੀਆ ਕੋਆਰਡੀਨੇਟਰ), ਪੰਡਿਤ ਰੋਹਿਤ ਕਾਲੀਆ (ਟਰੱਕ ਯੂਨੀਅਨ ਪ੍ਰਧਾਨ), ਸਤੀਸ਼ ਚੋਪੜਾ (ਬਲਾਕ ਪ੍ਰਧਾਨ), ਦਇਆ ਸਿੰਘ ਸੰਧੂ (ਹਲਕਾ ਸਿੱਖਿਆ ਕੋਆਰਡੀਨੇਟਰ), ਕੇਸਰ ਸਿੰਘ ਸੰਧੂ, ਐਡਵੋਕੇਟ ਨਿਸ਼ਾਂਤ ਗੁਪਤਾ, ਹਿਤੇਸ਼ ਸ਼ਰਮਾ, ਕੁਲਵਿੰਦਰ ਸਿੰਘ ਬਿੰਦਰਾ, ਅੰਕਸ਼ ਪਾਠਕ, ਪੰਮੂ ਢਿੱਲੋਂ, ਜੀਤ ਰਾਮ ਰਿੰਕੂ, ਨਿਤਿਨ ਸ਼ਰਮਾ, ਦਲਜੀਤ ਸਿੰਘ ਕਾਕਾ ਨਾਨਗਰਾਂ ਸਮੇਤ ਹੋਰ ਹਾਜ਼ਰ ਸਨ।