ਆਰ.ਟੀ.ਆਈ. ਕਮਿਸ਼ਨ ਵੱਲੋਂ ਭਗੌੜੇ ਨੂੰ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਜਾਰੀ ਕਰਨ ਸਬੰਧੀ ਮਾਮਲੇ ਦੀ ਜਾਂਚ ਕਰਨ ਲਈ ਐਸ.ਆਈ.ਟੀ. ਗਠਿਤ ਕਰਨ ਦੇ ਹੁਕਮ
ਚੰਡੀਗੜ੍ਹ, 3 ਸਤੰਬਰ:
ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਭਗੌੜੇ ਵਿਅਕਤੀ ਨੂੰ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਜਾਰੀ ਕਰਨ ਸਬੰਧੀ ਮਾਮਲੇ ਦੀ ਜਾਂਚ ਕਰਨ ਲਈ ਐਸ.ਆਈ.ਟੀ. ਗਠਿਤ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਗੀਤਿਕਾ ਪੁੱਤਰੀ ਸ੍ਰੀ ਅਨਿਲ ਕੁਮਾਰ ਵਾਸੀ ਗੁਰਦੁਆਰਾ ਮਾਰਗ, ਮੱਖੂ ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਲੋਕ ਸੂਚਨਾ ਅਧਿਕਾਰੀ ਦਫ਼ਤਰ ਏ.ਡੀ.ਸੀ.ਪੀ.-3 ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਪਹਿਲੀ ਅਪੀਲੀ ਅਥਾਰਟੀ ਦਫ਼ਤਰ ਪੁਲਿਸ ਕਮਿਸ਼ਨਰ ਲੁਧਿਆਣਾ ਖਿਲਾਫ਼ ਦਾਇਰ ਅਪੀਲ ਕੇਸ ਨੰ. 3820/2023 ਦੀ ਸੁਣਵਾਈ ਕਰਦਿਆਂ ਸਾਹਮਣੇ ਆਇਆ ਕਿ ਸਾਹਿਲ ਮਲਹੋਤਰਾ ਸਪੁੱਤਰ ਰਾਕੇਸ਼ ਮਲਹੋਤਰਾ ਅਤੇ ਮਮਤਾ ਰਾਣੀ ਵਾਸੀ ਪਲਾਟ ਨੰ. 90, ਗਲੀ ਨੰ. 5 ਨਿਊ ਸ਼ਿਵਪੁਰੀ ਰੋਡ, ਪ੍ਰੀਤ ਨਗਰ, ਲੁਧਿਆਣਾ ਖਿਲਾਫ਼ ਆਈਪੀਸੀ ਦੀ ਧਾਰਾ 498 ਏ ਅਤੇ 406 ਅਧੀਨ ਵੁਮੈਨ ਸੈੱਲ ਫਿਰੋਜ਼ਪੁਰ ਵਿਖੇ ਐਫਆਈਆਰ ਨੰ. 22 ਮਿਤੀ 3/12/2018 ਨੂੰ ਦਰਜ ਹੋਈ ਸੀ ਪ੍ਰੰਤੂ ਇਸ ਦੇ ਬਾਵਜੂਦ ਉਕਤ ਵਿਅਕਤੀ ਨੂੰ ਪੰਜਾਬ ਪੁਲਿਸ ਵੱਲੋਂ ਪਾਸਪੋਰਟ ਸਬੰਧੀ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਜਾਰੀ ਕਰ ਦਿੱਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਉਪਰੰਤ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਨੇ ਹੁਕਮ ਜਾਰੀ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਨੂੰ ਹਦਾਇਤ ਕੀਤੀ ਕਿ ਉਹ ਇਸ ਸਮੁੱਚੇ ਮਾਮਲੇ ਵਿੱਚ ਐਸਆਈਟੀ ਬਣਾ ਕੇ ਇਨਕੁਆਇਰੀ ਕਰਵਾਉਣ ਅਤੇ ਇਸਦੀ ਰਿਪੋਰਟ ਛੇ ਮਹੀਨੇ ਦੇ ਵਿੱਚ ਕਮਿਸ਼ਨ ਨੂੰ ਪੇਸ਼ ਕਰਨ। ਇਸਦੇ ਨਾਲ ਹੀ ਇਸ ਪੂਰੇ ਮਾਮਲੇ ਵਿੱਚ ਪੰਜਾਬ ਰਾਜ ਸੂਚਨਾ ਕਮਿਸ਼ਨ ਨੂੰ ਗਲਤ ਸੂਚਨਾ ਮੁਹੱਈਆ ਕਰਵਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ ਹਨ।