ਸੂਬੇ ਭਰ ਵਿੱਚ ਮੋਹਲੇਧਾਰ ਮੀਂਹ ਦੇ ਮੱਦੇਨਜ਼ਰ ਸਰਕਾਰ ਵੱਲੋਂ ਬਚਾਓ ਕਾਰਜਾਂ ਵਿੱਚ ਤੇਜ਼ੀ
ਚੰਡੀਗੜ੍ਹ: 3 ਸਤੰਬਰ:
ਪੰਜਾਬ ਸਮੇਤ ਪਹਾੜੀ ਇਲਾਕਿਆਂ ਵਿੱਚ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਮੋਹਲੇਧਾਰ ਬਾਰਿਸ਼ ਕਾਰਨ ਸੂਬੇ ਵਿੱਚ ਬਣੇ ਹੜ੍ਹਾਂ ਦੇ ਹਾਲਾਤਾਂ ਦੇ ਮੱਦੇਨਜਰ ਸੂਬਾ ਸਰਕਾਰ ਵੱਲੋਂ ਬਚਾਓ ਕਾਰਜਾਂ ਵਿੱਚ ਹੋਰ ਤੇਜੀ ਲਿਆਂਦੀ ਗਈ ਹੈ। ਮੌਜੂਦਾ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਦਰਿਆਵਾਂ ਦੇ ਕਿਨਾਰਿਆਂ ਅਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਸੰਭਾਵੀਂ ਹੜ੍ਹਾਂ ਵਾਲੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਉਤੇ ਲਿਜਾਣ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਰੂਪਨਗਰ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚੋਂ ਗੁਜਰਦੀਆਂ ਨਹਿਰਾਂ, ਨਾਲਿਆਂ ਅਤੇ ਦਰਿਆਵਾਂ ਦੇ ਕੰਢਿਆਂ ਦੀ ਲਗਾਤਾਰ ਨਿਗਰਾਨੀ ਕੈਬਨਿਟ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜਿਲ੍ਹਾਂ ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਤਲੁਜ ਦਰਿਆ ਦੇ ਨਾਲ ਲਗਦੇ ਇਲਾਕਿਆਂ ਵਿੱਚੋਂ ਸਮਾਂ ਰਹਿੰਦਿਆਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਉਣ ਲਈ ਮੁਨਿਆਦੀ ਵੀ ਕਰਵਾਈ ਗਈ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰ ਵੱਲੋਂ ਬਣਾਏ ਗਏ ਰਾਹਤ ਕੈਂਪਾਂ ਵਿੱਚ ਟਿਕਾਣਾ ਕਰਨ।
ਇਸ ਦੌਰਾਨ ਨੰਗਲ ਇਲਾਕੇ ਦੇ ਪਿੰਡ ਹਰਸਾ ਬੇਲਾ, ਬੇਲਾ ਰਾਮਗੜ੍ਹ, ਬੇਲਾ ਧਿਆਨੀ ਅੱਪਰ, ਬੇਲਾ ਧਿਆਨੀ ਲੋਅਰ, ਸੈਂਸੋਵਾਲ, ਐਲਗਰਾ, ਬੇਲਾ ਸ਼ਿਵ ਸਿੰਘ, ਭਲਾਣ, ਭਨਾਮ, ਸਿੰਘਪੁਰਾ, ਪਲਾਸੀ, ਤਰਫ਼ ਮਜਾਰਾ, ਮਜਾਰੀ ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਬੁਰਜ, ਚੰਦਪੁਰ ਬੇਲਾ, ਗਜਪੁਰ ਬੇਲਾ, ਸ਼ਾਹਪੁਰ ਬੇਲਾ, ਨਿੱਕੂਵਾਲ, ਅਮਰਪੁਰ ਬੇਲਾ, ਲੋਧੀਪੁਰ, ਨੂੰ ਸੁਰੱਖਿਅਤ ਸਥਾਨਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ ਜਦਕਿ ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਦੇ ਸਾਰੇ ਉਹ ਪਿੰਡ ਜੋ ਸਤਲੁਜ ਦਰਿਆ ਦੇ ਕਿਨਾਰੇ ਸਥਿਤ ਹਨ ਨੂੰ ਚੌਕਸ ਰਹਿਣ ਲਈ ਕਹਿਆ ਗਿਆ ਹੈ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਭਾਰੀ ਮੀਂਹ ਦੇ ਚੱਲਦਿਆਂ ਆਪਣੇ ਵਿਧਾਨ ਸਭਾ ਹਲਕੇ ਸ਼ਾਮਚੁਰਾਸੀ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਜ਼ਰੂਰਤਾਂ ਦਾ ਹੱਲ ਕਰਨ ਲਈ ਘਰ-ਘਰ ਪਹੁੰਚੇ।। ਉਨ੍ਹਾਂ ਨੇ ਪਿੰਡ ਸ਼ਿਵਾਲਿਕ ਨਗਰ ਢੋਲਵਾਹਾ, ਖਲਵਾਣਾ, ਦਿਓਵਾਲ ਅਤੇ ਬਾਦੋਵਾਲ ਪਿੰਡ ਦੇ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤਕ ਸਹੂਲਤ ਅਤੇ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੀਂਹ ਜਾਂ ਕੁਦਰਤੀ ਹਾਲਾਤ ਕਾਰਨ ਕਿਸੇ ਵੀ ਨਾਗਰਿਕ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੇ ਨਾਲ ਅੱਜ ਜਿਲ੍ਹਾ ਤਰਨ ਤਾਰਨ ਦੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ, ਇਸ ਦੌਰਾਨ ਉਨ੍ਹਾਂ ਪਿੰਡ ਮਰੜ ਅਤੇ ਕਿੜੀਆਂ ਵਿਖੇ ਦਰਿਆ ਦੀ ਢਾਹ ਲੱਗਣ ਕਾਰਨ ਜਮੀਨ ਤੇ ਫਸਲਾਂ ਦੇ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਅੱਜ ਜਲੰਧਰ ਜ਼ਿਲ੍ਹੇ ਦੇ ਕੁੱਕੜ ਪਿੰਡ ਵਿੱਚ ਚਿੱਟੀ ਵੇਈਂ ਵਿੱਚ ਪਾਣੀ ਦੇ ਵਧੇ ਵਹਾਅ ਨੂੰ ਦੇਖਦਿਆਂ ਰਾਹਤ ਸਮੱਗਰੀ ਵੰਡਣ ਤੋਂ ਇਲਾਵਾ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਸ਼ਾਸਨ ਨੂੰ ਨਿਰੰਤਰ ਚੌਕਸ ਰਹਿਣ ਲਈ ਆਖਿਆ। ਜਲੰਧਰ ਜਿਲ੍ਹੇ ਵਿੱਚ ਹੀ ਪਿੰਡ ਸੰਗੋਵਾਲ ਵਿੱਚ ਸਤਲੁਜ ਦਰਿਆ ਦੇ ਕੰਢਿਆਂ ਨੂੰ ਮਜਬੂਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਵੱਲੋਂ ਫੌਜ ਦੀ ਮਦਦ ਲਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਚਾਓ ਕਾਰਜਾਂ ਦਾ ਜਾਇਜਾ ਵੀ ਲਿਆ।
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨਿਰੰਤਰ ਅਜਨਾਲਾ ਵਿਖੇ ਪੀੜਤ ਪਰਿਵਾਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਰਾਹਤ ਸਮੱਗਰੀ ਵੰਡੀ।
ਇਸ ਦੌਰਾਨ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ 4 ਟਰੱਕ ਰਾਹਤ ਸਮੱਗਰੀ ਦੇ ਲੈ ਕੇ ਸੁਲਤਾਨਪੁਰ ਲੋਧੀ ਪੁੱਜੇ ਜਿਸ ਵਿੱਚ ਪਸ਼ੂਆਂ ਲਈ ਫੀਡ ਤੇ ਹੋਰ ਰਾਹਤ ਸਮੱਗਰੀ ਸ਼ਾਮਲ ਹੈ। ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਮੰਡ ਇੰਦਰਪੁਰ ਤੇ ਯੂਸਫਪੁਰ ਦਾਰੇਵਾਲ ਵਿਖੇ ਲੋਕਾਂ ਨੂੰ ਫੀਡ ਦੀ ਵੰਡ ਕੀਤੀ।
ਸਹਿਬਜਾਦਾ ਅਜੀਤ ਸਿੰਘ ਨਗਰ ਦੇ ਨਯਾਗਾਓਂ ਵਿੱਚ ਪਟਿਆਲਾ ਕੀ ਰਾਓ ਦੇ ਨਾਲ ਖੁੱਡਾ ਲਾਹੌਰਾ-ਨਾਡਾ ਸੜਕ ਦੇ ਨੁਕਸਾਨ ਦੀ ਰਿਪੋਰਟ ਮਿਲਦੇ ਸਾਰ ਜ਼ਿਲ੍ਹਾ ਪ੍ਰਸ਼ਾਸਨ, ਡੀ ਸੀ ਕੋਮਲ ਮਿੱਤਲ ਦੀ ਅਗਵਾਈ ਵਿੱਚ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਨੁਕਸਾਨੇ ਗਏ ਹਿੱਸੇ 'ਤੇ ਮੁਰੰਮਤ ਅਤੇ ਪਾੜ ਪੂਰਨ ਦੇ ਕੰਮ ਦੀ ਨਿਗਰਾਨੀ ਕੀਤੀ। ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਘੱਗਰ ਅਤੇ ਸੁਖਨਾ ਚੋਅ ਦੇ ਕਿਨਾਰਿਆ ਦੇ ਵਸੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਧੈਂਗੜਪੁਰ ਵਿਖੇ ਸਤਲੁਜ ਬੰਨ੍ਹ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈੰਦਿਆਂ ਕਿਹਾ ਕਿ ਮੌਜੂਦਾ ਸਮੇਂ ਪਾਣੀ ਦਾ ਪੱਧਰ 65,000 ਕਿਊਸਿਕ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਉਨ੍ਹਾਂ ਦੱਸਿਆ ਕਿ ਦੇਰ ਰਾਤ ਧੈਂਗੜਪੁਰ ਵਿਖੇ ਬੰਨ੍ਹ ਨੂੰ ਥੋੜੀ ਢਾਅ ਲੱਗੀ ਸੀ ਜਿਸਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮੇਂ ਸਿਰ ਰੋਕ ਲਿਆ ਗਿਆ ਅਤੇ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਲਗਾਤਾਰ ਜਾਰੀ ਹੈ।
ਬਰਨਾਲਾ ਜਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਜਿਲ੍ਹਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਸਰੁਖਿਅਤ ਇਮਾਰਤਾਂ ਵਿੱਚੋਂ ਨਿਕਲ ਕੇ ਸਰਕਾਰ ਵੱਲੋਂ ਸਥਾਪਿਤ ਕੀਤੇ ਰਾਹਤ ਕੈਪਾਂ ਵਿੱਚ ਸ਼ਿਫਟ ਹੋ ਜਾਣ।
ਪਟਿਆਲੇ ਜਿਲ੍ਹੇ ਵਿੱਚੇ ਘੱਗਰ ਦੀ ਸਥਿਤੀ ਗੰਭੀਰ ਹੋਣ ਦੀ ਸਥਿਤੀ ਵਿੱਚ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਫੌਜ ਨੂੰ ਅਲਰਟ ਤੇ ਰਹਿਣ ਦੀ ਹਦਾਇਤ ਕੀਤੀ ਹੈ। ਇਸ ਤੋਂ ਇਲਾਵਾ ਕੁਝ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਵੀ ਅਪੀਲ ਕੀਤੀ ਹੈ। ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਨੇ ਅੱਜ ਜਿਲ੍ਹਾ ਤਰਨ ਤਾਰਨ ਦੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ, ਇਸ ਦੌਰਾਨ ਉਹਨਾਂ ਪਿੰਡ ਮਰੜ ਅਤੇ ਕਿੜੀਆਂ ਵਿਖੇ ਦਰਿਆ ਦੀ ਢਾਹ ਲੱਗਣ ਕਾਰਨ ਜਮੀਨ ਤੇ ਫਸਲਾਂ ਦੇ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਵੀ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ।
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਸੈਨੀ ਵਾਲਾ ਹੈਡਵਰਕਸ ਤੋਂ ਸਤਲੁਜ ਨਦੀ ਵਿੱਚ 3 ਲੱਖ 11 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਲਈ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਸਤਲੁਜ ਕ੍ਰੀਕ ਪਾਰ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਹਰ ਸਮੇਂ ਤੁਹਾਡੀ ਮਦਦ ਲਈ ਤਿਆਰ ਹਨ।