ਡਿਪਟੀ ਕਮਿਸ਼ਨਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਮੁਕਾਬਲੇ ਕਰਵਾਉਣ 'ਤੇ ਜ਼ੋਰ*
By NIRPAKH POST
On
ਮਾਨਸਾ, 27 ਨਵੰਬਰ
ਜ਼ਿਲ੍ਹਾ ਮਾਨਸਾ ਵਿੱਚ ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਵਿਭਾਗ ਤੇ ਸਿਹਤ ਵਿਭਾਗ ਵਲੋਂ ਨਸ਼ਿਆਂ ਵਿਰੁੱਧ ਗਤੀਵਿਧੀਆਂ ਜਾਰੀ ਹਨ।
ਇਸ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ ਏ ਐੱਸ ਦੀ ਅਗਵਾਈ ਹੇਠ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨਕਾਰਡ (ਨੈਸ਼ਨਲ ਨਾਰਕੋਟਿਕਸ ਕੋਆਰਡੀਨੇਸ਼ਨ ਪੋਰਟਲ) ਦੀ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ 'ਤੇ ਜ਼ੋਰ ਦਿੱਤਾ।
ਇਸ ਮੌਕੇ ਐੱਸਡੀਐਮਜ਼ ਅਤੇ ਪੁਲਿਸ ਵਿਭਾਗ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਵਲੋਂ ਜਾਗਰੂਕਤਾ ਸੈਮੀਨਾਰ ਲਾਉਣ ਦੇ ਨਾਲ ਨਾਲ ਨਸ਼ਾ ਤਸਕਰਾਂ 'ਤੇ ਵੀ ਸ਼ਿਕੰਜਾ ਕਸਿਆ ਜਾ ਰਿਹਾ ਹੈ।
ਇਸ ਮੌਕੇ ਸਿਹਤ ਵਿਭਾਗ ਨੇ ਨਸ਼ਾ ਛੁਡਾਊ ਕੇਂਦਰਾਂ ਅਤੇ ਓਟ ਕਲੀਨਿਕਾਂ ਬਾਰੇ ਰਿਪੋਰਟ ਦਿੱਤੀ। ਡਰੱਗ ਇੰਸਪੈਕਟਰ ਵਲੋਂ ਮੈਡੀਕਲ ਸਟੋਰਾਂ 'ਤੇ ਕੀਤੀਆਂ ਜਾ ਰਹੀਆਂ ਇੰਸਪੈਕਸ਼ਨਾਂ ਬਾਰੇ ਦੱਸਿਆ ਗਿਆ। ਡਿਪਟੀ ਕਮਿਸ਼ਨਰ ਨੇ ਇਹ ਚੈਕਿੰਗ ਲਗਾਤਾਰ ਕਰਨ ਦੇ ਨਿਰਦੇਸ਼ ਦਿੱਤੇ। ਓਨ੍ਹਾਂ ਖੇਡ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਸਾਰੀਆਂ ਤਹਿਸੀਲਾਂ ਵਿੱਚ ਖੇਡ ਮੁਕਾਬਲੇ ਲਗਾਤਾਰ ਕਰਵਾਏ ਜਾਣ।
ਇਸ ਮੌਕੇ ਐਸਡੀਐਮ ਮਾਨਸਾ ਕਾਲਾ ਰਾਮ ਕਾਂਸਲ, ਐੱਸ ਡੀ ਐਮ ਸਰਦੂਲਗੜ੍ਹ ਡਾ. ਅਜੀਤਪਾਲ ਸਿੰਘ ਚਹਿਲ, ਐੱਸ ਡੀ ਐਮ ਬੁਢਲਾਡਾ ਗਗਨਦੀਪ ਸਿੰਘ, ਡੀ ਐਸ ਪੀ ਪ੍ਰਿਤਪਾਲ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।


