ਰਣਬੀਰ ਕਾਲਜ ਸੰਗਰੂਰ 'ਚ ਪੰਜਾਬ ਸਖੀ ਸ਼ਕਤੀ ਮੇਲੇ ਦੀਆਂ ਰੌਣਕਾਂ ਸ਼ੁਰੂ
ਸੰਗਰੂਰ, 26 ਨਵੰਬਰ:
ਸੰਗਰੂਰ ਦੇ ਰਣਬੀਰ ਕਾਲਜ ਵਿੱਚ ਪੰਜਾਬ ਅਤੇ ਦੇਸ਼ ਦੇ ਹੋਰਨਾਂ ਰਾਜਾਂ ਦੀਆਂ ਮਹਿਲਾ ਉੱਧਮੀਆਂ ਤੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਇੱਕੋ ਮੰਚ ਮੁਹੱਈਆ ਕਰਵਾਉਣ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਪੰਜਾਬ ਸਖੀ ਸ਼ਕਤੀ ਮੇਲਾ ਦਾ ਆਗਾਜ਼ ਅੱਜ ਧੂਮ ਧੜੱਕੇ ਨਾਲ ਹੋਇਆ।
30 ਨਵੰਬਰ ਤੱਕ ਚੱਲਣ ਵਾਲੇ ਇਸ ਮੇਲੇ ਦਾ ਆਗਾਜ਼ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਡਿਪਟੀ ਕਮਿਸ਼ਨਰ, ਸੰਗਰੂਰ ਰਾਹੁਲ ਚਾਬਾ ਤੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਰਿਬਨ ਕੱਟਕੇ ਇਸ ਮੇਲੇ ਦਾ ਆਗਾਜ਼ ਕੀਤਾ। ਇਸ ਸਮੇਂ ਮੇਲੇ 'ਚ ਪੁੱਜਣ 'ਤੇ ਮਹਿਮਾਨਾਂ ਦਾ ਬੀਨ ਵਾਜੇ ਤੇ ਰਵਾਇਤੀ ਲੋਕ ਨਾਚਾਂ ਦੇ ਕਲਾਕਾਰਾਂ ਨੇ ਧਮਾਲਾਂ ਪਾਉਂਦਿਆਂ ਸਵਾਗਤ ਕੀਤਾ।
ਇਸ ਦੌਰਾਨ ਆਪਣੇ ਸੰਬੋਧਨ 'ਚ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਵੱਲੋਂ "ਪੰਜਾਬ ਸਖੀ ਸ਼ਕਤੀ ਮੇਲਾ- ਮਹਿਲਾ ਉੱਧਮੀਆਂ ਦਾ ਸਸ਼ਕਤੀਕਰਨ" ਸੰਗਰੂਰ ਵਿਖੇ ਕਰਵਾਇਆ ਜਾਣਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਸਮੇਤ ਕਸ਼ਮੀਰ, ਯੂ.ਪੀ ਤੇ ਰਾਜਸਥਾਨ ਤੋਂ ਉੱਧਮੀ ਆਪਣੇ ਉਤਪਾਦ ਲੈ ਕੇ ਪੁੱਜੇ ਹਨ। ਇਸ ਮੌਕੇ ਉਨ੍ਹਾਂ ਸਵੈ ਸਹਾਇਤਾਂ ਪ੍ਰਾਪਤ ਗਰੁੱਪਾਂ ਵੱਲੋਂ ਬਣਾਈਆਂ ਵਸਤਾਂ ਦੀ ਸਰਾਹਨਾਂ ਕੀਤੀ।
ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਸੰਗਰੂਰ ਅਤੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੇਲੇ ਦਾ ਪਰਿਵਾਰਾਂ ਸਮੇਤ ਆਨੰਦ ਮਾਨਣ।
ਮੇਲੇ ਵਿੱਚ ਜਿੱਥੇ ਝੂਲਿਆਂ ਦੇ ਵਿਸ਼ੇਸ਼ ਪ੍ਰਬੰਧ ਦੇ ਨਾਲ-ਨਾਲ ਖਾਣ ਪੀਣ ਦੀਆਂ ਵਸਤਾਂ ਸਬੰਧੀ ਵਿਸ਼ੇਸ਼ ਫੂਡ ਕੋਰਟ ਬਣਿਆ ਹੈ। ਇਸ ਮੇਲੇ ਦੌਰਾਨ ਰੋਜ਼ਾਨਾ ਸ਼ਾਮ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਹੋਇਆ ਕਰੇਗੀ। ਮੇਲੇ ਦੀ ਸ਼ੁਰੂਆਤ ਰੋਜ਼ਾਨਾ ਸਵੇਰੇ 10 ਵਜੇ ਤੋਂ ਹੋਇਆ ਕਰੇਗੀ। ਇਸ ਮੇਲੇ ਲਈ ਟਿਕਟ ਰੇਟ 10 ਰੁਪਏ ਰੱਖਿਆ ਗਿਆ ਹੈ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੇਲੇ ਵਿੱਚ ਦਾਖਲਾ ਮੁਫ਼ਤ ਹੈ।
ਇਸ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ।
ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਅਜਿਹੇ ਮੇਲੇ ਆਪਣੇ ਸਭਿਆਚਾਰ ਨਾਲ ਜੁੜਨ ਦਾ ਇਕ ਵਧੀਆ ਵਸੀਲਾ ਹਨ ਅਤੇ ਸਾਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਂਦੇ ਹਨ ਅਤੇ ਇਕੋ ਸਥਾਨ 'ਤੇ ਸਾਨੂੰ ਪੂਰੇ ਦੇਸ਼ ਦੀ ਸ਼ਿਲਪ ਕਲਾ ਅਤੇ ਸਭਿਆਚਾਰ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਹਰੇਕ ਸਟਾਲ 'ਤੇ ਜਾ ਕੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਦੇਖਿਆ ਅਤੇ ਖਰੀਦੋ-ਫਰੋਖਤ ਕੀਤੀ।
ਇਸ ਮੇਲੇ 'ਚ ਸਜੀਆਂ ਵੱਖ-ਵੱਖ ਸ਼ਿਲਪਕਾਰੀ ਵਸਤਾਂ ਦੀਆਂ ਸਟਾਲਾਂ 'ਤੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਬ ਖ਼ਰੀਦੋ ਫ਼ਰੋਖਤ ਕੀਤੀ। ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਲੋਕ ਨਾਚਾਂ ਪੇਸ਼ ਕਰ ਕੇ ਖ਼ੂਬ ਧਮਾਲਾਂ ਪਾਈਆਂ।
ਇਸ ਮੌਕੇ ਮੇਲੇ ਦੇ ਨੋਡਲ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਨੇ ਮੇਲੇ ਦੀ ਸ਼ੁਰੂਆਤ ਮੌਕੇ ਪਹੁੰਚੀਆਂ ਸ਼ਖਸੀਅਤਾਂ, ਵੱਖ-ਵੱਖ ਰਾਜਾਂ ਤੋਂ ਪੁੱਜੇ ਦਸਤਕਾਰਾਂ ਤੇ ਕਲਾਕਾਰਾਂ ਨੂੰ ਜੀ ਆਇਆ ਆਖਿਆ ਅਤੇ ਮੇਲੇ 'ਚ ਆਏ ਕਰੀਬ 50 ਸਟਾਲਾਂ ਵਿੱਚ ਮਿਲਣ ਵਾਲੀਆਂ ਵੱਖ-ਵੱਖ ਸ਼ਿਲਪਕਾਰੀ ਵਸਤਾਂ ਸਮੇਤ 5 ਦਿਨ ਰੋਜ ਸ਼ਾਮ ਸਮੇਂ ਹੋਣ ਵਾਲੇ ਲੋਕ ਨਾਚਾਂ ਅਤੇ ਸਭਿਆਚਰਕ ਗਤੀਵਿਧੀਆਂ ਬਾਰੇ ਵੀ ਦੱਸਿਆ।


