ਸਰਕਾਰੀ ਕਾਲਜ ਰੋਪੜ ਵਿਖੇ ਰੈਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਆਯੋਜਿਤ
By NIRPAKH POST
On
ਰੂਪਨਗਰ, 27 ਨਵੰਬਰ: ਸਰਕਾਰੀ ਕਾਲਜ ਰੋਪੜ ਵਿੱਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ ਦੇ ਸਹਿਯੋਗ ਨਾਲ ਅਤੇ ਕਾਲਜ ਦੇ ਰੈਡ ਰਿਬਨ ਕਲੱਬ ਦੇ ਕਨਵੀਨਰ ਡਾ. ਅਨੂ ਸ਼ਰਮਾ ਦੀ ਅਗਵਾਈ ਵਿੱਚ ਐਚ ਆਈ ਵੀ/ਏਡਜ਼ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਰੈਡ ਰਿਬਨ ਕਲੱਬਾਂ ਦੇ ਮੁਕਾਬਲੇ ਆਯੋਜਿਤ ਕਰਵਾਏ ਗਏ।
ਡਾ. ਅਨੂ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਰੂਪਨਗਰ ਦੇ ਛੇ ਕਾਲਜਾਂ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਚਮਕੌਰ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸ਼੍ਰੀ ਅਨੰਦਪੁਰ ਸਾਹਿਬ, ਸਰਕਾਰੀ ਕਾਲਜ ਰੂਪਨਗਰ, ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਨੰਗਲ, ਖਾਲਸਾ ਕਾਲਜ ਮੋਰਿੰਡਾ ਅਤੇ ਸ਼ਿਵਾਲਿਕ ਕਾਲਜ ਨਯਾ ਨੰਗਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚ ਪੋਸਟਰ ਮੇਕਿੰਗ, ਸਲੋਗਨ ਲੇਖਨ, ਮੌਕੇ ਤੇ ਚਿੱਤਰਕਾਰੀ ਅਤੇ ਕੋਲਾਜ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ।
ਯੁਵਕ ਸੇਵਾਵਾਂ ਤੋਂ ਮੈਡਮ ਸੁਮਨਦੀਪ ਕੌਰ ਨੇ ਵੱਖ-ਵੱਖ ਕਾਲਜਾਂ ਤੋਂ ਆਏ ਨੋਡਲ ਅਫਸਰ ਅਤੇ ਉਨ੍ਹਾਂ ਦੇ ਭਾਗੀਦਾਰਾਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਪ੍ਰੋ. ਜਗਜੀਤ ਸਿੰਘ ਨੇ ਦੱਸਿਆ ਕਿ ਕੋਲਾਜ ਮੇਕਿੰਗ ਮੁਕਾਬਲੇ ਵਿੱਚ ਅੰਮ੍ਰਿਤਪਾਲ ਕੌਰ ਪਹਿਲਾ, ਸੁਨੈਨਾ ਨੇ ਦੂਜਾ, ਅਮਨਦੀਪ ਸਿੰਘ ਨੇ ਤੀਜਾ, ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪ੍ਰੀਤ ਕੌਰ ਨੇ ਪਹਿਲਾਂ, ਜਸਪ੍ਰੀਤ ਕੌਰ ਨੇ ਦੂਜਾ, ਪ੍ਰਭਜੋਤ ਕੌਰ ਨੇ ਤੀਜਾ, ਮੌਕੇ ਤੇ ਚਿੱਤਰਕਾਰੀ ਮੁਕਾਬਲੇ ਵਿੱਚ ਨੰਦਿਨੀ ਸੌਖਲ ਨੇ ਪਹਿਲਾ, ਕੇਸ਼ਵਦੀਪ ਪੱਟੀ ਨੇ ਦੂਜਾ, ਹਰਜੋਤ ਕੌਰ ਨੇ ਤੀਜਾ, ਸਲੋਗਨ ਲੇਖਨ ਮੁਕਾਬਲੇ ਵਿੱਚ ਨੈਨਸੀ ਨੇ ਪਹਿਲਾ, ਗਗਨਦੀਪ ਕੌਰ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਕਾਲਜ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ ਉਨ੍ਹਾਂ ਦੀ ਰਚਨਾਤਮਕ ਯੋਗਤਾਵਾਂ ਨੂੰ ਉਭਾਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।
ਇਨ੍ਹਾਂ ਮੁਕਾਬਲਿਆਂ ਵਿੱਚ ਜੱਜਮੈਂਟ ਡਾ. ਕੀਰਤੀ ਭਾਗੀਰਥ, ਪ੍ਰੋ. ਦੀਵਿਆ ਸ਼ਰਮਾਂ, ਡਾ. ਸਨੀਤਾ ਅਤੇ ਪ੍ਰੋ. ਜੋਤੀ ਪ੍ਰਕਾਸ਼ ਨੇ ਨਿਭਾਈ।
ਇਸ ਮੌਕੇ ਜ਼ਿਲ੍ਹਾ ਰੂਪਨਗਰ ਦੇ ਰੈਡ ਰਿਬਨ ਕਲੱਬਾਂ ਦੇ ਨੋਡਲ ਅਫਸਰਾਂ ਨੂੰ ਪਿਛਲੇ ਸਾਲ ਦੌਰਾਨ ਦਿੱਤੀਆਂ ਸੇਵਾਵਾਂ ਲਈ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰੂਪਨਗਰ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।


