ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ: ਫੰਡਾਂ ਦੀ ਹੇਰਾਫੇਰੀ ਦੇ ਦੋਸ਼ ਹੇਠ ਸਾਬਕਾ ਵਿਧਾਇਕ ਦੇ ਪੁੱਤਰ, ਨੂੰਹ, ਕਾਰਜਕਾਰੀ ਅਧਿਕਾਰੀ ਅਤੇ ਦੋ ਹੋਰਨਾਂ ਵਿਰੁੱਧ ਪਰਚਾ ਦਰਜ
ਚੰਡੀਗੜ੍ਹ 2 ਮਈ:
ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ, ਤਰਨਤਾਰਨ ਦੇ ਸਾਬਕਾ ਵਿਧਾਇਕ ਦੇ ਪੁੱਤਰ ਅਤੇ ਨੂੰਹ ਸਮੇਤ ਨਗਰ ਕੌਂਸਲ ਤਰਨਤਾਰਨ ਦੇ ਕਾਰਜਕਾਰੀ ਅਧਿਕਾਰੀ (ਈ.ਓ) , ਕਲਰਕ ਅਤੇ ਇੱਕ ਫਰਮ ਦੇ ਮਾਲਕ ਵਿਰੁੱਧ ਕੌਂਸਲ ਦੇ ਫੰਡਾਂ ਵਿੱਚ ਵੱਡੀ ਹੇਰਾ-ਫੇਰੀ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਇਸ ਕੇਸ ਵਿੱਚ ਉਕਤ ਮੁਲਜ਼ਮ ਈ.ਓ., ਕਲਰਕ ਅਤੇ ਫਰਮ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਸ ਸਬੰਧ ਵਿੱਚ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ ਦੇ ਸਿੱਟੇ ਵਜੋਂ ਹੋਈ ਵਿਜੀਲੈਂਸ ਜਾਂਚ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਨੂੰ ਅਗਲੇਰੀ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਜਾਂਚ ਦੇ ਆਧਾਰ ’ਤੇ, ਉਕਤ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੀ ਅੰਮ੍ਰਿਤਸਰ ਰੇਂਜ ਦੇ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(2) ਦੇ ਨਾਲ-ਨਾਲ 13(1) ਅਤੇ ਆਈਪੀਸੀ ਦੀ ਧਾਰਾ 409, 420, 465, 467, 468, 471, 120-ਬੀ ਦੇ ਤਹਿਤ ਐਫਆਈਆਰ ਨੰਬਰ 22, ਮਿਤੀ 02.05.2025 ਦਰਜ ਕੀਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਕੇਸ ਦੇ ਮੁਲਜ਼ਮਾਂ ਵਿੱਚ ਸ਼ਰਨਜੀਤ ਕੌਰ, ਕਾਰਜਕਾਰੀ ਅਧਿਕਾਰੀ (ਹੁਣ ਮੁਅੱਤਲ) ਅਤੇ ਨਗਰ ਕੌਂਸਲ ਤਰਨਤਾਰਨ ਦਾ ਕਲਰਕ ਨਰਿੰਦਰ ਕੁਮਾਰ, ਸਾਬਕਾ ਵਿਧਾਇਕ ਧਰਮਵੀਰ ਅਗਨੀਹੋਤਰੀ ਦਾ ਪੁੱਤਰ ਸੰਦੀਪ ਕੁਮਾਰ ਅਗਨੀਹੋਤਰੀ ਅਤੇ ਉਨ੍ਹਾਂ ਦੀ ਨੂੰਹ ਜੋਤੀ ਸਚਦੇਵਾ, ਜੋ ਕਿ ਮੈਸਰਜ਼ ਐਮ.ਕੇ. ਪਦਮ ਪੈਟਰੋਲੀਅਮ ਦੀ ਮਾਲਕ ਹੈ ਅਤੇ ਨਿਊ ਪਵਨ ਨਗਰ, ਅੰਮ੍ਰਿਤਸਰ ਦਾ ਰਹਿਣ ਵਾਲਾ ਰਾਜੀਵ ਗੁਪਤਾ, ਜੋ ਮੈਸਰਜ਼ ਸ਼ਾਰਪ ਫੋਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਐਸਆਰ ਐਂਟਰਪ੍ਰਾਈਜ਼ਿਜ਼ ਲਿਮਟਿਡ ਦਾ ਸ਼ੇਅਰਧਾਰਕ ਹੈ, ਸ਼ਾਮਲ ਹਨ।
ਇਸ ਕੇਸ ਵਿੱਚ, ਸ਼ਰਨਜੀਤ ਕੌਰ, ਈ.ਓ. ਅਤੇ ਨਰਿੰਦਰ ਕੁਮਾਰ ਕਲਰਕ,ਦੋਵੇਂ ਨਗਰ ਕੌਂਸਲ, ਤਰਨਤਾਰਨ ਵਿਖੇ ਤਾਇਨਾਤ, ਅਤੇ ਉਕਤ ਪ੍ਰਾਈਵੇਟ ਫਰਮ ਦੇ ਮਾਲਕ ਰਾਜੀਵ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਖੁਲਾਸਾ ਕੀਤਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਕਾਰਜਕਾਰੀ ਅਧਿਕਾਰੀ ਦੁਆਰਾ 2017-2022 ਦੇ ਸਾਲਾਂ ਦੌਰਾਨ ਧੋਖਾਧੜੀ ਵਾਲੇ ਲੈਣ-ਦੇਣ ਕੀਤੇ ਗਏ ਸਨ। ਉਸਨੇ ਮੈਸਰਜ਼ ਸਿੱਧੂ ਕੰਸਟਰਕਸ਼ਨ ਕੰਪਨੀ, ਮੈਸਰਜ਼ ਬ੍ਰਦਰ ਕੰਸਟਰਕਸ਼ਨ ਕੰਪਨੀ ਅਤੇ ਮੈਸਰਜ਼ ਫਰੈਂਡਜ਼ ਐਸੋਸੀਏਸ਼ਨ ਨੂੰ ਵੱਖ-ਵੱਖ ਚੈੱਕਾਂ ਰਾਹੀਂ ਗਲਤ ਭੁਗਤਾਨ ਕੀਤੇ ਸਨ। ਇਸ ਤੋਂ ਇਲਾਵਾ, ਸਾਬਕਾ ਵਿਧਾਇਕ ਧਰਮਵੀਰ ਅਗਨੀਹੋਤਰੀ ਦੇ ਪੁੱਤਰ ਸੰਦੀਪ ਕੁਮਾਰ ਅਗਨੀਹੋਤਰੀ ਨਾਲ ਮਿਲੀਭੁਗਤ ਕਰਕੇ, ਦੋਸ਼ੀ ਈ.ਓ. ਨੇ ਉਨ੍ਹਾਂ ਦੀ ਕੰਪਨੀਆਂ ਮੈਸਰਜ਼ ਸ਼ਾਰਪ ਫੋਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਐਸ.ਆਰ. ਐਂਟਰਪ੍ਰਾਈਜ਼ਿਜ਼ ਨੂੰ ਵੀ ਜਾਅਲੀ ਭੁਗਤਾਨ ਕੀਤੇ ਸਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ, ਉਕਤ ਜਾਅਲੀ ਅਦਾਇਗੀਆਂ ਦੀ ਰਿਕਵਰੀ ਤਾਂ ਹੋ ਗਈ , ਪਰ 27,88,000 ਰੁਪਏ ਦੀ ਰਕਮ ਅਜੇ ਵੀ ਬਕਾਇਆ ਹੈ। ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਸੰਦੀਪ ਕੁਮਾਰ ਅਗਨੀਹੋਤਰੀ ਨੂੰ ਆਪਣੀ ਪਤਨੀ ਜੋਤੀ ਸਚਦੇਵਾ ਦੀ ਮਾਲਕੀਵਾਲੇ ਮੈਸਰਜ਼ ਐਮਕੇ ਪਦਮ ਪੈਟਰੋਲੀਅਮ ਦੇ ਨਾਮ ’ਤੇ ਜਾਰੀ ਕੀਤੇ 4,41,03,086 ਰੁਪਏ ਦੇ ਜਾਅਲੀ ਭੁਗਤਾਨ ਵੀ ਪ੍ਰਾਪਤ ਕੀਤੇ ਸਨ। ਬਾਅਦ ਵਿੱਚ, ਸੰਦੀਪ ਅਗਨੀਹੋਤਰੀ ਨੇ ਇਸ ਜਾਅਲੀ ਅਦਾਇਗੀ ਦਾ ਕੁਝ ਹਿੱਸਾ ਨਗਰ ਕੌਂਸਲ ਤਰਨਤਾਰਨ ਦੇ ਖਾਤਿਆਂ ਵਿੱਚ ਵਾਪਸ ਜਮ੍ਹਾ ਕਰਵਾ ਦਿੱਤਾ , ਪਰ 35,45,404 ਰੁਪਏ ਅਜੇ ਵੀ ਬਕਾਇਆ ਹਨ। ਬਕਾਇਆ ਬਿੱਲਾਂ ਦੇ ਆਂਸ਼ਿਕ ਅਦਾਇਗੀ ਤੋਂ ਬਾਅਦ, ਮੈਸਰਜ਼ ਐਮਕੇ ਪਦਮ ਪੈਟਰੋਲੀਅਮ ਵੱਲ ਕੁੱਲ 1,05,30,628 ਰੁਪਏ ਦੀ ਬਕਾਇਆ ਰਕਮ ਪਾਈ ਗਈ। ਇਸ ਤੋਂ ਇਲਾਵਾ, ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ, ਪੰਜਾਬ ਵੱਲੋਂ ਪ੍ਰਦਾਨ ਕੀਤੀ ਗਈ ਵਿਭਾਗੀ ਨਿਰੀਖਣ ਰਿਪੋਰਟ ਦੇ ਅਨੁਸਾਰ, ਈ.ਓ. ਸ਼ਰਨਜੀਤ ਕੌਰ ਨੇ ਕਲਰਕ ਰਾਜੀਵ ਕੁਮਾਰ, (ਹੁਣ ਮ੍ਰਿਤਕ), ਜੋ ਕਿ ਉਸਦੇ ਦਫ਼ਤਰ ਵਿਖੇ ਤਾਇਨਾਤ ਸੀ ਅਤੇ ਉਕਤ ਕਲਰਕ ਨਰਿੰਦਰ ਕੁਮਾਰ , ਨੂੰ ਬਿਨਾਂ ਕਿਸੇ ਬਿੱਲ ਜਾਂ ਵਰਕ ਆਰਡਰ ਦੇ ਭੁਗਤਾਨ ਜਾਰੀ ਕੀਤੇ ਸਨ।
ਤੱਥਾਂ ਤੋਂ ਇਹ ਸਪੱਸ਼ਟ ਹੋ ਗਿਆ ਕਿ ਈਓ ਸ਼ਰਨਜੀਤ ਕੌਰ ਨੇ ਉਕਤ ਸੰਦੀਪ ਕੁਮਾਰ ਅਗਨੀਹੋਤਰੀ ਨਾਲ ਮਿਲ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਉਸ ਦੀਆਂ ਫਰਜ਼ੀ ਫਰਮਾਂ ਮੈਸਰਜ਼ ਸ਼ਾਰਪ ਫੌਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਐਸ.ਆਰ. ਐਂਟਰਪ੍ਰਾਈਜ਼ਿਜ਼ ਨੂੰ ਗੈਰ-ਕਾਨੂੰਨੀ ਭੁਗਤਾਨ ਕੀਤੇ ਸਨ। ਇਸ ਤੋਂ ਇਲਾਵਾ, ਇਹ ਵੀ ਪਾਇਆ ਗਿਆ ਕਿ 14,61,980 ਰੁਪਏ, 3,25,000 ਰੁਪਏ ਅਤੇ 2,09,400 ਰੁਪਏ ਦੀ ਅਦਾਇਗੀ ਬਿਨਾਂ ਕਿਸੇ ਟੈਂਡਰ ਜਾਂ ਕੋਟੇਸ਼ਨ ਦੇ ਵੱਖ-ਵੱਖ ਫਰਮਾਂ ਨੂੰ ਕੀਤੀ ਗਈ ਸੀ।
ਬੁਲਾਰੇ ਨੇ ਅੱਗੇ ਕਿਹਾ ਕਿ ਕੇਸ ਜਾਂਚ ਅਧੀਨ ਹੈ ਅਤੇ ਜਾਅਲੀ ਭੁਗਤਾਨ ਪ੍ਰਾਪਤ ਕਰਨ ਵਾਲੇ ਨਿੱਜੀ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਦੌਰਾਨ ਪੁਸ਼ਟੀ ਕੀਤੀ ਜਾਵੇਗੀ। ਮੁਲਜ਼ਮਾਂ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Related Posts
Advertisement
