ਸ਼ਹਿਰ ਦੀ ਸੁੰਦਰਤਾ ਨੂੰ ਮਿਲੇਗੀ ਨਵੀਂ ਪਹਿਚਾਣ; ਵਿਧਾਇਕ ਜਿੰਪਾ ਨੇ ਸੁੰਦਰੀਕਰਨ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
ਹੁਸ਼ਿਆਰਪੁਰ, 11 ਅਗਸਤ :
ਹੁਸ਼ਿਆਰਪੁਰ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਦੇ ਚੇਅਰਮੈਨ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸ਼ਹਿਰ ਦੇ ਸੁੰਦਰੀਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਇਨਡੋਰ ਸਟੇਡੀਅਮ ਤੋਂ ਮੋਨਾ ਮੈਮੋਰੀਅਲ ਚਰਚ ਅਤੇ ਮੁੱਖ ਡਾਕਘਰ ਨੂੰ ਜੋੜਨ ਵਾਲੀ ਸੜਕ ਦੇ ਸੁੰਦਰੀਕਰਨ ਦੇ ਕੰਮ ਦਾ ਉਦਘਾਟਨ ਕਰਕੇ ਸ਼ਹਿਰ ਦੀ ਕਾਇਆ ਕਲਪ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ। ਇਹ ਪ੍ਰੋਜੈਕਟ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਸੋਨਾਲੀਕਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ, ਜੋ ਕਿ ਸ਼ਹਿਰ ਦੇ ਵਿਕਾਸ ਵਿਚ ਲਗਾਤਾਰ ਯੋਗਦਾਨ ਪਾ ਰਿਹਾ ਹੈ।
ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ ਇਸ ਇਲਾਕੇ ਵਿਚ ਆਧੁਨਿਕ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਸੜਕ ਦੇ ਦੋਵੇਂ ਪਾਸੇ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ, ਜਿਸ ਨਾਲ ਸਥਾਨਕ ਨਾਗਰਿਕਾਂ ਨੂੰ ਬਿਹਤਰ ਵਾਤਾਵਰਨ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਰਸਤਾ ਸਵੇਰ ਅਤੇ ਸ਼ਾਮ ਦੀ ਸੈਰ ਕਰਨ ਵਾਲਿਆਂ ਲਈ ਇਕ ਪ੍ਰਮੁੱਖ ਸਥਾਨ ਹੈ ਅਤੇ ਇਸ ਦਾ ਸੁੰਦਰੀਕਰਨ ਲੋਕਾਂ ਨੂੰ ਇਕ ਸੁਹਾਵਣਾ ਅਨੁਭਵ ਦੇਵੇਗਾ।
ਵਿਧਾਇਕ ਨੇ ਮੋਨਾ ਮੈਮੋਰੀਅਲ ਚਰਚ ਦੇ ਇਤਿਹਾਸਕ ਮਹੱਤਵ 'ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਇਸ ਖੇਤਰ ਦਾ ਵਿਕਾਸ ਸੱਭਿਆਚਾਰਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਮਹੱਤਵਪੂਰਨ ਹੈ। ਸੋਨਾਲੀਕਾ ਇੰਡਸਟਰੀਜ਼ ਦੇ ਮਿੱਤਲ ਪਰਿਵਾਰ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਉਨ੍ਹਾਂ ਦਾ ਸਹਿਯੋਗ ਸ਼ਲਾਘਾਯੋਗ ਹੈ ਅਤੇ ਭਵਿੱਖ ਵਿਚ ਵੀ ਉਨ੍ਹਾਂ ਦਾ ਸਹਿਯੋਗ ਲਿਆ ਜਾਵੇਗਾ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੋਨਾਲੀਕਾ ਦੇ ਸੀ.ਐਸ.ਆਰ ਹੈਂਡ ਜੇ.ਐਸ ਚੌਹਾਨ, ਅਤੁਲ ਸ਼ਰਮਾ, ਜੇਸਨ ਮੈਥਿਊ, ਰਾਜੀਵ ਰੰਗਾ, ਸਟੀਫਨ, ਵਿਕਟਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਮੌਜੂਦ ਸਨ।
Advertisement
