ਵਿਧਾਇਕ ਲਾਭ ਸਿੰਘ ਉਗੋਕੇ ਦੀ ਪੁਸਤਕ ਤੂੰ ਇਕ ਦੀਵਾ ਬਣ ਆਸਟ੍ਰੇਲੀਆ 'ਚ ਰਿਲੀਜ਼

ਵਿਧਾਇਕ ਲਾਭ ਸਿੰਘ ਉਗੋਕੇ ਦੀ ਪੁਸਤਕ ਤੂੰ ਇਕ ਦੀਵਾ ਬਣ ਆਸਟ੍ਰੇਲੀਆ 'ਚ ਰਿਲੀਜ਼

ਤਪਾ/ਭਦੌੜ, 12 ਅਗਸਤ
   ਵਿਧਾਨ ਸਭਾ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਪੁਸਤਕ "ਤੂੰ ਇਕ ਦੀਵਾ ਬਣ" ਅੱਜ ਆਸਟ੍ਰੇਲੀਆ ਦੇ ਟਾਰਨੇਟ 'ਚ ਸਥਿਤ ਪੰਜਾਬ ਕਿਤਾਬ ਘਰ ਵਿਖੇ ਸੀ-ਸੈਵਨ ਆਸਟ੍ਰੇਲੀਆ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੀਤਮ ਪ੍ਰਕਾਸ਼ਨ ਮਹਿਲ ਕਲਾਂ ਦੇ ਬਾਨੀ ਪ੍ਰੀਤਮ ਸਿੰਘ ਦਰਦੀ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਲੋਕ ਅਰਪਣ ਕੀਤੀ ਗਈ।
       ਇਸ ਮੌਕੇ ਬੋਲਦਿਆਂ ਪੰਜਾਬੀ ਸਹਿਤਕਾਰ ਮਾ: ਬਲਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਰਾਜਨੀਤੀ ਦੇ ਨਾਲ ਨਾਲ ਸਹਿਤਕ ਖੇਤਰ 'ਚ 'ਤੂੰ ਇਕ ਦੀਵਾ ਬਣ' ਪੁਸਤਕ ਨਾਲ ਵਿਧਾਇਕ ਲਾਭ ਸਿੰਘ ਉਗੋਕੇ ਨੇ ਚੰਗੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਸ ਹੈ ਕਿ ਪੰਜਾਬ ਦੇ ਹਿੱਤਾਂ ਲਈ ਵਿਧਾਨ ਸਭਾ 'ਚ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਉਸਾਰੂ ਰਚਨਾਵਾਂ ਪੰਜਾਬੀ ਸਹਿਤ ਦੀ ਝੋਲੀ ਪਾਉਣਗੇ। ਪ੍ਰੀਤਮ ਪ੍ਰਕਾਸ਼ਨ ਦੇ ਸੰਚਾਲਕ ਗੁਰਪ੍ਰੀਤ ਸਿੰਘ ਅਣਖੀ ਨੇ ਪੁਸਤਕ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਕਾਵਿ-ਸੰਗ੍ਰਹਿ ਵਿੱਚ ਵਿਧਾਇਕ ਲਾਭ ਸਿੰਘ ਉਗੋਕੇ ਨੇ ਆਪਣੇ ਜੀਵਨ ਦੇ ਸੰਘਰਸ਼ਮਈ ਸਫਰ, ਇੱਕ ਮਜ਼ਦੂਰ ਪਰਿਵਾਰ ਵਿੱਚੋਂ ਉੱਠ ਕੇ ਵਿਧਾਇਕ ਬਣਨ ਤੱਕ ਦੇ ਉਤਰਾਅ-ਚੜ੍ਹਾਅ, ਪੰਜਾਬ ਦੇ ਪਾਣੀਆਂ ਦੀ ਸਮੱਸਿਆ ਅਤੇ ਹੋਰ ਸਮਾਜਿਕ ਮੁੱਦਿਆਂ ਨੂੰ ਉਨ੍ਹਾਂ ਨੇ ਆਪਣੇ ਫ਼ਿਰਕ ਅਤੇ ਸੰਵੇਦਨਸ਼ੀਲਤਾ ਨਾਲ ਬਿਆਨ ਕੀਤਾ ਹੈ। ਇਸ ਮੌਕੇ ਸੀ.ਸੈਵਨ ਆਸਟ੍ਰੇਲੀਆ ਤੋਂ ਤਰਨਦੀਪ ਸਿੰਘ ਬਿਲਾਸਪੁਰ, ਅਵਤਾਰ ਸਿੰਘ ਟਹਿਣਾ, ਲੇਖਕ ਪ੍ਰੀਤ ਕੰਵਲ, ਜਗਦੀਪ ਸਿੰਘ ਅਣਖੀ, ਧਰਵਿੰਦਰ ਸਿੰਘ ਸੰਧੂ, ਮਨਪ੍ਰੀਤ ਕੌਰ, ਰਮਨਦੀਪ ਕੌਰ ਨੇ ਵੀ ਵਿਚਾਰ ਰੱਖੇ।
   ਵਿਧਾਇਕ ਸ. ਲਾਭ ਸਿੰਘ ਉਗੋਕੇ ਨੇ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਤੋਂ ਉਨ੍ਹਾਂ ਦੀ ਲਿਖਤ ਨੂੰ ਮਿਲ ਰਹੇ ਮਾਣ-ਸਤਿਕਾਰ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਹੋਰ ਵਧਾ ਦਿੱਤਾ ਹੈ। ਜਲਦ ਹੀ ਉਹ ਆਪਣੀ ਨਵੀਂ ਵਾਰਤਕ ਪੁਸਤਕ ਪੰਜਾਬੀ ਪਾਠਕਾਂ ਦੀ ਝੋਲੀ ਪਾਉਣਗੇ।