ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ

ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ

ਸ਼ਹੀਦ ਊਧਮ ਸਿੰਘ ਵਾਲਾ (ਸੁਨਾਮ), 31 ਜੁਲਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸ਼ਹੀਦ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਦੇ ਜੱਦੀ ਸ਼ਹਿਰ ਵਿੱਚ ਲਗਪਗ 85 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਇੱਥੇ ਸਟੇਡੀਅਮ ਵਿੱਚ ਊਧਮ ਸਿੰਘ ਸਮਾਰਕ ਵਿਖੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਦੇ ਸਮਾਰਕ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਧਰਤੀ ਮਾਂ ਦੇ ਇਸ ਸੱਚੇ ਪੁੱਤਰ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਮੁੱਖ ਦੋਸ਼ੀ ਮਾਈਕਲ ਓ' ਡਵਾਇਰ ਨੂੰ ਮਾਰ ਕੇ ਇੱਕ ਬਹਾਦਰੀ ਭਰੇ ਕਾਰਨਾਮੇ ਦਾ ਪ੍ਰਦਰਸ਼ਨ ਕੀਤਾ ਸੀ। ਦੋਵਾਂ ਆਗੂਆਂ ਨੇ ਕਿਹਾ ਕਿ ਰਾਸ਼ਟਰੀ ਆਜ਼ਾਦੀ ਸੰਗਰਾਮ ਵਿੱਚ ਇਸ ਸਪੂਤ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਨੇ ਦੇਸ਼ ਵਿੱਚੋਂ ਬ੍ਰਿਟਿਸ਼ ਸਾਮਰਾਜਵਾਦ ਦੇ ਜੂਲੇ ਨੂੰ ਉਖਾੜ ਸੁੱਟਣ ਵਿੱਚ ਮਦਦ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦ ਊਧਮ ਸਿੰਘ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਨੌਜਵਾਨਾਂ ਨੂੰ ਹਮੇਸ਼ਾ ਦੇਸ਼ ਦੀ ਨਿਰਸਵਾਰਥ ਸੇਵਾ ਲਈ ਪ੍ਰੇਰਿਤ ਕਰੇਗੀ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਊਧਮ ਸਿੰਘ ਵਾਲਾ ਦੇ ਵਸਨੀਕਾਂ ਨੂੰ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਰੂਪ ਵਿੱਚ ਲਗਪਗ 85 ਕਰੋੜ ਰੁਪਏ ਦਾ ਤੋਹਫ਼ਾ ਵੀ ਦਿੱਤਾ। ਇਨ੍ਹਾਂ ਵਿੱਚ 15.32 ਕਰੋੜ ਰੁਪਏ ਦੀ ਲਾਗਤ ਨਾਲ ਤਹਿਸੀਲ ਕੰਪਲੈਕਸ ਦਾ ਅਪਗ੍ਰੇਡੇਸ਼ਨ ਸ਼ਾਮਲ ਹੈ, ਜੋ ਇੱਕ ਸਾਲ ਦੇ ਅੰਦਰ ਪੂਰਾ ਹੋ ਜਾਵੇਗਾ। ਨਵੇਂ ਕੰਪਲੈਕਸ ਵਿੱਚ ਐਸ.ਡੀ.ਐਮ. ਦਫ਼ਤਰ, ਸਬ-ਰਜਿਸਟਰਾਰ ਦਫ਼ਤਰ, ਤਹਿਸੀਲਦਾਰ ਦਫ਼ਤਰ, ਖਜ਼ਾਨਾ ਦਫ਼ਤਰ, ਖੁਰਾਕ ਸਪਲਾਈ ਦਫ਼ਤਰ, ਟੈਕਸ ਦਫ਼ਤਰ, ਸਹਿਕਾਰੀ ਸਭਾ ਦਫ਼ਤਰ ਅਤੇ ਹੋਰ ਵਿਭਾਗ ਹੋਣਗੇ।

ਇਸੇ ਤਰ੍ਹਾਂ ਉਨ੍ਹਾਂ ਨੇ ਸੁਨਾਮ ਵਿੱਚ 13.64 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰਾਜੈਕਟ ਵੀ ਇੱਕ ਸਾਲ ਦੇ ਅੰਦਰ ਪੂਰਾ ਹੋ ਜਾਵੇਗਾ ਅਤੇ ਬੱਸ ਸਟੈਂਡ ਵਿੱਚ ਬੱਸ ਕਾਊਂਟਰਾਂ ਦੇ ਨਾਲ ਇੱਕ ਸ਼ਾਪਿੰਗ ਕੰਪਲੈਕਸ ਵੀ ਸ਼ਾਮਲ ਹੋਵੇਗਾ। ਇਸੇ ਤਰ੍ਹਾਂ ਦੋਵਾਂ ਆਗੂਆਂ ਨੇ 8.20 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਕੁੜੀਆਂ ਦੇ ਨਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨੀਂਹ ਪੱਥਰ ਵੀ ਰੱਖਿਆ, ਜੋ ਨੌਂ ਮਹੀਨਿਆਂ ਦੇ ਵਿੱਚ ਪੂਰਾ ਹੋ ਜਾਵੇਗਾ।

ਸੁਨਾਮ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੁਨਾਮ ਵਿੱਚ 18.95 ਕਰੋੜ ਰੁਪਏ ਦੀ ਲਾਗਤ ਨਾਲ ਇਨਡੋਰ ਸਪੋਰਟਸ ਕੰਪਲੈਕਸ ਵੀ ਬਣਾਇਆ ਜਾਵੇਗਾ। ਇਸ ਕੰਪਲੈਕਸ ਵਿੱਚ ਸਿੰਥੈਟਿਕ ਟਰੈਕ, ਬੈਡਮਿੰਟਨ, ਬਾਕਸਿੰਗ, ਜੂਡੋ, ਕੁਸ਼ਤੀ, ਬਾਸਕਟਬਾਲ, ਵਾਲੀਬਾਲ ਅਤੇ ਤਾਈਕਵਾਂਡੋ ਦੀਆਂ ਸਹੂਲਤਾਂ ਹੋਣਗੀਆਂ। ਦੋਵਾਂ ਆਗੂਆਂ ਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਵਿਕਾਸ ਕਾਰਜਾਂ ਦੀ ਨੀਂਹ ਵੀ ਰੱਖੀ, ਜਿਸ ਵਿੱਚ ਐਸਟ੍ਰੋ ਟਰਫ ਹਾਕੀ ਗਰਾਊਂਡ, ਲੈਕਚਰ ਹਾਲ, ਲਾਇਬ੍ਰੇਰੀ, ਪ੍ਰਬੰਧਕੀ ਬਲਾਕ ਅਤੇ ਹੋਰ ਸ਼ਾਮਲ ਹਨ।

ਇਸ ਅਹਿਮ ਪ੍ਰਾਜੈਕਟ ਦੀ ਕੁੱਲ ਲਾਗਤ 20.78 ਕਰੋੜ ਰੁਪਏ ਹੈ ਅਤੇ ਇਹ ਇੱਕ ਸਾਲ ਦੇ ਅੰਦਰ ਪੂਰਾ ਹੋ ਜਾਵੇਗਾ। ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨੇ ਸੁਨਾਮ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ 8.49 ਕਰੋੜ ਰੁਪਏ ਦੇ ਹੋਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।