ਅਕਾਲੀ ਦਲ ਨੂੰ ਝਟਕਾ !15 ਆਗੂਆਂ ਨੇ ਛੱਡੀ ਪਾਰਟੀ MP ਅੰਮ੍ਰਿਤਪਾਲ ਸਿੰਘ ਨਾਲ ਮਿਲਾਇਆ ਹੱਥ....
ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ,ਅਕਾਲੀ ਦਲ 'ਚ ਵੱਡੀ ਫੁੱਟ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ 'ਚ 15 ਤੋਂ ਵੱਧ ਆਗੂਆਂ ਨੇ ਬਣਾਇਆ ਵੱਖਰਾ ਧੜਾ!MP ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਵਾਰਿਸ ਪੰਜਾਬ ਦੇ' ਨੂੰ ਖੁੱਲ੍ਹਾ ਸਮਰਥਨ, ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਮੌਜੂਦਗੀ 'ਚ ਲਿਆ ਵੱਡਾ ਫੈਸਲਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ: ਝੂੰਦਾਂ BBMB 'ਚ ਪੰਜਾਬ ਦਾ ਹੱਕ ਮਾਰਿਆ ਜਾ ਰਿਹਾ, ਕੇਂਦਰ ਸਰਕਾਰ ਮਸਲਿਆਂ ਦਾ ਹੱਲ ਕੱਢੇ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਵੱਡਾ ਸਿਆਸੀ ਭੂਚਾਲ ਆ ਗਿਆ ਹੈ। ਪਾਰਟੀ ਦੇ 15 ਤੋਂ ਵੱਧ ਆਗੂਆਂ ਨੇ ਅੱਜ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਵੱਖਰਾ ਗੁੱਟ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਵਾਰਿਸ ਪੰਜਾਬ ਦੇ' ਨੂੰ ਸਮਰਥਨ ਦੇਣ ਦਾ ਵੀ ਐਲਾਨ ਕੀਤਾ। ਇਸ ਸਮਾਗਮ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।
.png)
ਇਸ ਮੌਕੇ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਬਾਗੀ ਗੁੱਟ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਪੰਜਾਬ, ਪੰਥ ਅਤੇ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰਨਾ ਹੈ ਅਤੇ ਉਹ ਇਸੇ ਮਕਸਦ ਨਾਲ ਅੱਗੇ ਵਧਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੋਂ NSA ਹਟਾ ਦਿੱਤਾ ਗਿਆ ਹੈ, ਇਸ ਲਈ ਹੁਣ ਉਨ੍ਹਾਂ ਨੂੰ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
6 ਨੁਕਤਿਆਂ 'ਚ ਇਕਬਾਲ ਸਿੰਘ ਝੂੰਦਾਂ ਨੇ ਕੀ ਕਿਹਾ:
-
1. ਵੱਡੀਆਂ ਤਾਕਤਾਂ ਰੋਕਣ ਦਾ ਯਤਨ ਕਰਦੀਆਂ ਹਨ: ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਸਿੱਖ ਆਗੂ ਦਾ ਉਭਾਰ ਹੁੰਦਾ ਹੈ, ਤਾਂ ਵੱਡੀਆਂ ਤਾਕਤਾਂ ਉਸ ਨੂੰ ਰੋਕਣ ਦਾ ਯਤਨ ਕਰਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਮੁੱਦਿਆਂ ਅਤੇ ਇੱਥੋਂ ਦੇ ਲੋਕਾਂ ਦੇ ਦਰਦ ਨੂੰ ਨਾ ਤਾਂ ਗੰਭੀਰਤਾ ਨਾਲ ਸਮਝਿਆ ਜਾ ਰਹਾ ਹੈ ਅਤੇ ਨਾ ਹੀ ਉਨ੍ਹਾਂ ਦੇ ਹੱਲ ਲਈ ਕੋਈ ਠੋਸ ਯਤਨ ਕੀਤੇ ਜਾ ਰਹੇ ਹਨ।
-
2. ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਝੂੰਦਾਂ ਨੇ ਕਿਹਾ ਕਿ ਇਸ ਦੇ ਉਲਟ ਉੱਭਰ ਰਹੀ ਸਿੱਖ ਅਗਵਾਈ ਨੂੰ ਕਮਜ਼ੋਰ ਕਰਨ ਅਤੇ ਉਸ ਦਾ ਅਕਸ (Image) ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੂਠੀਆਂ ਅਫਵਾਹਾਂ ਅਤੇ ਭਰਮਾਊ ਪ੍ਰਚਾਰ ਤੋਂ ਬਚਣ ਅਤੇ ਪੰਜਾਬ ਤੇ ਪੰਥ ਦੇ ਹਿੱਤ ਵਿੱਚ ਇੱਕਜੁੱਟ ਹੋ ਕੇ ਕੰਮ ਕਰਨ।
-
3. BBMB ਵਿੱਚ ਪੰਜਾਬ ਦੀ ਹਿੱਸੇਦਾਰੀ ਘਟਾਈ ਜਾ ਰਹੀ ਹੈ: ਝੂੰਦਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਹੱਕਾਂ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀ.ਬੀ.ਐਮ.ਬੀ. (BBMB) ਵਿੱਚ ਪੰਜਾਬ ਦੀ ਹਿੱਸੇਦਾਰੀ ਘਟਾਈ ਜਾ ਰਹੀ ਹੈ ਅਤੇ ਯੂਨੀਵਰਸਿਟੀਆਂ ਵਿੱਚ ਵੀ ਰਾਜ ਦੇ ਅਧਿਕਾਰ ਕਮਜ਼ੋਰ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਇਹ ਮੁੱਦੇ ਚੁੱਕਦਾ ਹੈ ਤਾਂ ਉਸ ਦੀ ਆਵਾਜ਼ ਨੂੰ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ।
-
4. ਕੇਂਦਰ ਸਰਕਾਰ ਤੋਂ ਮੁੱਦਿਆਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਮੰਗ: ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਾਂ ਨਾਲ ਜੁੜੇ ਮਾਮਲਿਆਂ, ਦੇਸ਼ ਦੀ ਰਾਜਧਾਨੀ ਵਿੱਚ ਸਿੱਖ ਨੁਮਾਇੰਦਗੀ, ਪੰਜਾਬੀ ਭਾਸ਼ੀ ਖੇਤਰਾਂ ਅਤੇ ਪੰਜਾਬ ਨਾਲ ਸਬੰਧਤ ਹੋਰ ਲਟਕਦੇ ਮੁੱਦਿਆਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ। ਨਾਲ ਹੀ ਇਹਨਾਂ ਦਾ ਸੰਵਿਧਾਨਕ ਅਤੇ ਸਿਆਸੀ ਹੱਲ ਕੱਢਿਆ ਜਾਵੇ।
-
5. 'ਸਤਲੁਜ' ਫਿਲਮ ਨੇ ਪੰਜਾਬ ਦੇ ਦਰਦ ਨੂੰ ਉਜਾਗਰ ਕੀਤਾ: ਝੂੰਦਾਂ ਨੇ ਕਿਹਾ ਕਿ 'ਸਤਲੁਜ' ਫਿਲਮ ਨੇ ਪੰਜਾਬ ਦੇ ਇੱਕ ਵੱਡੇ ਦਰਦ ਅਤੇ ਦੁਖਦਾਈ ਦੌਰ ਨੂੰ ਦੇਸ਼ ਦੇ ਸਾਹਮਣੇ ਉਜਾਗਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੀਆਂ ਤਿੰਨ ਸਰਕਾਰਾਂ ਸੱਤਾ ਵਿੱਚ ਆਈਆਂ, ਪਰ ਕਿਸੇ ਨੇ ਵੀ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਠੋਸ ਕਦਮ ਨਹੀਂ ਚੁੱਕੇ। ਸਰਕਾਰ ਇਹ ਵੀ ਸਪੱਸ਼ਟ ਨਹੀਂ ਕਰ ਸਕੀ ਕਿ ਕਿੰਨੇ ਲੋਕਾਂ ਦਾ ਅੰਤਿਮ ਸੰਸਕਾਰ ਕਿੱਥੇ ਕੀਤਾ ਗਿਆ, ਜਦਕਿ ਦੂਜੀ ਸਰਕਾਰ ਨੇ ਕਮਿਸ਼ਨ ਬਣਾ ਕੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਸੀ, ਪਰ ਉਹ ਵਾਅਦਾ ਵੀ ਪੂਰਾ ਨਹੀਂ ਹੋਇਆ।
-
6. ਅੰਮ੍ਰਿਤਪਾਲ ਸਿੰਘ ਨੂੰ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਮੰਗ: ਝੂੰਦਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ ਵੀ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਅਤੇ ਕਈ ਦੋਸ਼ੀ ਜੇਲ੍ਹਾਂ ਤੋਂ ਬਾਹਰ ਆ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਸ ਲਈ ਜੇਲ੍ਹ ਵਿੱਚ ਰੱਖਿਆ ਗਿਆ ਹੈ ਕਿਉਂਕਿ ਸਰਕਾਰ ਨੂੰ ਕਿਸੇ ਨਵੇਂ ਜਨਤਕ ਅੰਦੋਲਨ ਦੇ ਉੱਭਰਨ ਦਾ ਡਰ ਹੈ। ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਪਾਲ ਸਿੰਘ ਨੂੰ ਵਿਧਾਨ ਸਭਾ ਜਾਂ ਸੰਸਦੀ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਉਹ ਜਨਤਾ ਦੁਆਰਾ ਚੁਣੇ ਗਏ ਨੁਮਾਇੰਦੇ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਸਕਣ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਵੱਡਾ ਸਿਆਸੀ ਧਮਾਕਾ ਜਾਂ ਫਿਰ ਕਹਿ ਲਈਏ ਪੁਨਰ ਸੁਰਜੀਤ ਖੇਰੂ- ਖੇਰੂ ਹੋ ਗਈ ਹੈ.. ਜਿੱਥੇ ਮਨਪ੍ਰੀਤ ਇਯਾਲੀ ਪਹਿਲਾਂ ਉਨ੍ਹਾਂ ਨੂੰ ਛੱਡਕੇ ਚੱਲੇ ਗਏ ਸੀ ਉੱਥੇ ਹੀ ਹੁਣ ਇਹ ਵੱਡਾ ਘਾਟਾ ਜਰੂਰ ਸਾਬਿਤ ਹੋਵੇਗਾ ... ਗੱਲ ਕੀਤੀ ਜਾਵੇ ਇਸ ਦੌਰਾਨ ਇਕਬਾਲ ਸਿੰਘ ਝੂੰਦਾ ਦਾ ਤਾਂ ਉਨ੍ਹਾਂ ਵੱਲੋਂ ਕਈ ਖੁਲਾਸੇ ਕਰਕੇ ਕਈ ਇਲਜ਼ਾਮ ਜਰੂਰ ਲਗਾਏ ਗਏ ਨੇ..

