ਹੁਣ ਇੰਟਰਨੈੱਟ ਤੋਂ ਬਿਨਾਂ ਵੀ ਹੋਵੇਗੀ ਪੇਮੈਂਟ, ਫਲਾਈਟ ਤੇ ਮੈਟਰੋ 'ਚ ਵੀ ਚੱਲੇਗਾ ਫੋਨ ! UPI ਦਾ ਨਵਾਂ ਧਮਾਕਾ..

ਹੁਣ ਇੰਟਰਨੈੱਟ ਤੋਂ ਬਿਨਾਂ ਵੀ ਹੋਵੇਗੀ ਪੇਮੈਂਟ, ਫਲਾਈਟ ਤੇ ਮੈਟਰੋ 'ਚ ਵੀ ਚੱਲੇਗਾ ਫੋਨ  ! UPI ਦਾ ਨਵਾਂ ਧਮਾਕਾ..

 ਹੁਣ ਜੇਕਰ ਇੰਟਰਨੈੱਟ ਨਾ ਵੀ ਹੋਵੇ ਤਾਂ ਵੀ UPI ਰਾਹੀਂ ਭੁਗਤਾਨ ਕਰਨ ਦਾ ਰਸਤਾ ਖੁੱਲ ਸਕਦਾ ਹੈ। ਭਾਰਤ ਵਿੱਚ UPI ਨੇ ਡਿਜ਼ਿਟਲ ਭੁਗਤਾਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹਾਲ ਹੀ ਵਿੱਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਐਲਾਨ ਕੀਤਾ ਹੈ ਕਿ ਉਹ ਇੱਕ ਨਵੀਂ ਤਕਨੀਕ 'ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਬਿਨਾਂ ਇੰਟਰਨੈੱਟ ਦੇ ਵੀ ਦੁਕਾਨਾਂ, ਫਲਾਈਟਾਂ ਅਤੇ ਅੰਡਰਗ੍ਰਾਊਂਡ ਮੈਟਰੋ ਵਿੱਚ UPI ਪੇਮੈਂਟ ਕੀਤੀ ਜਾ ਸਕੇਗੀ। ਜੇ ਇਹ ਸੁਵਿਧਾ ਸ਼ੁਰੂ ਹੋ ਜਾਂਦੀ ਹੈ ਤਾਂ ਖਰਾਬ ਨੈੱਟਵਰਕ ਜਾਂ ਇੰਟਰਨੈੱਟ ਨਾ ਹੋਣ ਕਾਰਨ ਪੇਮੈਂਟ ਫੇਲ ਹੋਣ ਦੀ ਸਮੱਸਿਆ ਲਗਭਗ ਖਤਮ ਹੋ ਜਾਵੇਗੀ।

image (57)

 

ਮੀਡੀਆ ਰਿਪੋਰਟਾਂ ਮੁਤਾਬਕ ਇਹ ਨਵਾਂ ਫੀਚਰ ਨਿਅਰ ਫੀਲਡ ਕਮਿਊਨੀਕੇਸ਼ਨ (NFC) ਤਕਨੀਕ 'ਤੇ ਆਧਾਰਿਤ ਹੋਵੇਗਾ। ਇਸ ਵਿੱਚ QR ਕੋਡ ਸਕੈਨ ਕਰਨ ਦੀ ਲੋੜ ਨਹੀਂ ਪਵੇਗੀ। ਸਿਰਫ਼ ਆਪਣੇ NFC ਸਪੋਰਟ ਵਾਲੇ ਸਮਾਰਟਫੋਨ ਨੂੰ ਮਸ਼ੀਨ ਨਾਲ ਟੈਪ ਕਰਨਾ ਹੋਵੇਗਾ ਅਤੇ ਭੁਗਤਾਨ ਹੋ ਜਾਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੌਰਾਨ ਨਾ ਤਾਂ ਤੁਹਾਡੇ ਫੋਨ ਵਿੱਚ ਇੰਟਰਨੈੱਟ ਹੋਣਾ ਲਾਜ਼ਮੀ ਹੋਵੇਗਾ ਅਤੇ ਨਾ ਹੀ ਦੁਕਾਨਦਾਰ ਦੀ POS ਮਸ਼ੀਨ ਵਿੱਚ।

2,000 ਰੁਪਏ ਤੱਕ ਕਰ ਸਕੋਗੇ ਭੁਗਤਾਨ

ਸ਼ੁਰੂਆਤੀ ਦੌਰ ਵਿੱਚ ਇਸ ਰਾਹੀਂ ਇੱਕ ਵਾਰ ਵਿੱਚ 2,000 ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕੇਗਾ। ਇਸ ਲਈ ਯੂਜ਼ਰ ਨੂੰ ਪਹਿਲਾਂ ਇੰਟਰਨੈੱਟ ਉਪਲਬਧ ਹੋਣ ਸਮੇਂ ਆਪਣੇ UPI Lite Wallet ਵਿੱਚ ਪੈਸੇ ਲੋਡ ਕਰਨੇ ਪੈਣਗੇ। ਬਾਅਦ ਵਿੱਚ ਉਸੇ ਬੈਲੈਂਸ ਨਾਲ ਬਿਨਾਂ ਇੰਟਰਨੈੱਟ ਦੇ ਭੁਗਤਾਨ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਐਸੀ ਸੈਟਿੰਗ ਵੀ ਹੋਵੇਗੀ ਕਿ ਹਰ ਵਾਰ UPI PIN ਦਾਖਲ ਕਰਨ ਦੀ ਲੋੜ ਨਹੀਂ ਪਵੇਗੀ।

ਫਲਾਈਟ ਅਤੇ ਮੈਟਰੋ ਵਿੱਚ ਮਿਲੇਗਾ ਸਭ ਤੋਂ ਵੱਧ ਫਾਇਦਾ

ਅਕਸਰ ਫਲਾਈਟ ਦੇ ਅੰਦਰ ਜਾਂ ਅੰਡਰਗ੍ਰਾਊਂਡ ਮੈਟਰੋ ਵਿੱਚ ਇੰਟਰਨੈੱਟ ਨਹੀਂ ਚੱਲਦਾ, ਜਿਸ ਕਾਰਨ ਡਿਜ਼ਿਟਲ ਪੇਮੈਂਟ ਕਰਨਾ ਮੁਸ਼ਕਲ ਹੋ ਜਾਂਦਾ ਹੈ। NPCI ਇਹ ਫੀਚਰ ਖਾਸ ਤੌਰ 'ਤੇ ਉਹਨਾਂ ਥਾਵਾਂ ਲਈ ਲਿਆ ਰਿਹਾ ਹੈ, ਜਿੱਥੇ ਨੈੱਟਵਰਕ ਉਪਲਬਧ ਨਹੀਂ ਹੁੰਦਾ। ਇਸ ਦਾ ਮਤਲਬ ਹੈ ਕਿ ਭਵਿੱਖ ਵਿੱਚ ਫਲਾਈਟ ਦੌਰਾਨ ਖਾਣਾ ਖਰੀਦਣਾ ਹੋਵੇ ਜਾਂ ਮੈਟਰੋ ਸਟੇਸ਼ਨ 'ਤੇ ਭੁਗਤਾਨ ਕਰਨਾ ਹੋਵੇ, ਇੰਟਰਨੈੱਟ ਤੋਂ ਬਿਨਾਂ ਵੀ UPI ਨਾਲ ਪੇਮੈਂਟ ਕੀਤੀ ਜਾ ਸਕੇਗੀ।

ਇਸ ਸੁਵਿਧਾ ਦਾ ਲਾਭ ਲੈਣ ਲਈ ਸਿਰਫ਼ ਗਾਹਕ ਦਾ ਫੋਨ ਹੀ ਨਹੀਂ, ਸਗੋਂ ਦੁਕਾਨਦਾਰ ਦੇ POS ਟਰਮੀਨਲ ਵੀ ਇਸ ਨਵੇਂ ਸਿਸਟਮ ਲਈ ਸਰਟੀਫਾਈਡ ਹੋਣੇ ਲਾਜ਼ਮੀ ਹੋਣਗੇ। ਮੀਡੀਆ ਰਿਪੋਰਟਾਂ ਅਨੁਸਾਰ NPCI ਜਲਦ ਹੀ ਅਜਿਹੇ ਟਰਮੀਨਲਾਂ ਦੀ ਸਰਟੀਫਿਕੇਸ਼ਨ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ। ਇਸ ਤੋਂ ਬਾਅਦ ਬੈਂਕ ਅਤੇ UPI ਐਪ ਕੰਪਨੀਆਂ ਵੀ ਆਪਣੇ ਐਪਸ ਵਿੱਚ ਇਹ ਸੁਵਿਧਾ ਸ਼ਾਮਲ ਕਰਨਗੀਆਂ।

ਕਦੋਂ ਹੋਵੇਗੀ ਲਾਂਚ?

ਫਿਲਹਾਲ ਇਹ ਫੀਚਰ ਡਿਵੈਲਪਮੈਂਟ ਸਟੇਜ ਵਿੱਚ ਹੈ ਅਤੇ ਅਜੇ ਆਮ ਲੋਕਾਂ ਲਈ ਉਪਲਬਧ ਨਹੀਂ ਹੈ। NPCI ਵੱਲੋਂ ਇਸ ਦੀ ਅਧਿਕਾਰਕ ਲਾਂਚ ਤਾਰੀਖ ਦਾ ਵੀ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ, ਰਿਪੋਰਟਾਂ ਮੁਤਾਬਕ ਇਸ ਤਕਨੀਕ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸਨੂੰ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ।

ਜੇ ਇਹ ਸੁਵਿਧਾ ਸ਼ੁਰੂ ਹੋ ਜਾਂਦੀ ਹੈ ਤਾਂ UPI ਪਹਿਲਾਂ ਨਾਲੋਂ ਹੋਰ ਵੀ ਸੁਵਿਧਾਜਨਕ ਬਣ ਜਾਵੇਗਾ। ਖਰਾਬ ਨੈੱਟਵਰਕ, ਏਅਰਪਲੇਨ ਮੋਡ ਜਾਂ ਸਫ਼ਰ ਦੌਰਾਨ ਵੀ ਡਿਜ਼ਿਟਲ ਭੁਗਤਾਨ ਆਸਾਨੀ ਨਾਲ ਕੀਤਾ ਜਾ ਸਕੇਗਾ।

Related Posts